ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸਨ – ਗੁਰਪ੍ਰੀਤ ਪੱਕਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜਗਾਰਾਂ ਨੂੰ ਲਾਰੇ ਲਗਾ ਕੇ ਸਮਾ ਟਪਾ ਰਹੀ ਹੈ।ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਜੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜਾਏ 22 ਜੁਲਾਈ ਕਰ ਦਿੱਤੀ ਗਈ ਹੈ। ਹੁਣ ਜੇਕਰ 22 ਜੁਲਾਈ ਨੂੰ ਵੀ ਮੀਟਿੰਗ ਨਾ ਕੀਤੀ ਜਾਂ ਫੇਰ ਬੇਰੁਜਗਾਰਾਂ ਦੀਆਂ ਮੰਗਾਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਜਲਦੀ ਪਾਰਦਰਸੀ ਲਿਖਤੀ ਪ੍ਰੀਖਿਆ ਨਾ ਰੱਖੀ ਗਈ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਕੋਠੀ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਯੂਨੀਅਨ ਦੇ ਬਠਿੰਡਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਨੇ ਦਿੰਦਿਆਂ ਕਿਹਾ ਕਿ ਯੂਨੀਅਨ ਦੇ ਪੰਜ ਸਾਲਾਂ ਦੇ ਸੰਘਰਸ ਉਪਰੰਤ ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਦਿਨ 8 ਜਨਵਰੀ ਨੂੰ ਮਾਸਟਰ ਕੇਡਰ ਲਈ ਮਹਿਜ 4161 ਅਸਾਮੀਆਂ ਦਾ ਇਸਤਿਹਾਰ ਚੋਣ ਜਾਬਤੇ ਤੋ ਕੁਝ ਮਿੰਟ ਪਹਿਲਾਂ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜਗਾਰਾਂ ਨਾਲ ਅਸਾਮੀਆਂ ਵਿੱਚ ਵਾਧਾ ਕਰਨ ,ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ 1407 ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਲਿਖਤੀ ਪ੍ਰੀਖਿਆ ਲੈਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਕਰੀਬ ਚਾਰ ਮਹੀਨੇ ਤੋਂ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭਿ੍ਰਸਟਾਚਾਰ ਮੁਕਤ ਸਾਸਨ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਸਨ ਵਿੱਚ ਵੱਡੇ ਵੱਡੇ ਘਪਲੇ ਹੋਣ ਦੇ ਸੰਕੇ ਹਨ। ਉਹਨਾ ਲਿਖਤੀ ਪ੍ਰੀਖਿਆ ਸਾਫ ਸੁਥਰੇ ਢੰਗ ਨਾਲ ਲੈਣ ਦੀ ਮੰਗ ਵੀ ਕੀਤੀ।