ਸੁਖਜਿੰਦਰ ਮਾਨ
ਚੰਡੀਗੜ੍ਹ, 4 ਜੁਲਾਈ : ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ ਅਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਪਣੀ ਕੈਬਨਿਟ ਵਿੱਚ ਪੰਜ ਵਿਧਾਇਕਾਂ ਨੂੰ ਸਾਮਲ ਕੀਤਾ। ਰਾਜ ਭਵਨ ਵਿੱਚ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਜਪਾਲ ਨੇ ਸੁਨਾਮ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਗੁਰੂ ਹਰਸਹਾਏ ਹਲਕੇ ਦੇ ਵਿਧਾਇਕ ਫ਼ੌਜਾ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਡਾ ਇੰਦਰਵੀਰ ਸਿੰਘ ਨਿੱਝਰ, ਸਮਾਣਾ ਤੋਂ ਚੇਤਨ ਸਿੰਘ ਜੋੜੇਮਾਜ਼ਰਾ ਅਤੇ ਖਰੜ ਤੋਂ ਮਹਿਲਾ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਭਲਕੇ ਤੱਕ ਨਵੇਂ ਬਣੇ ਮੰਤਰੀਆਂ ਨੇ ਵਿਭਾਗ ਦੀ ਬੰਦ ਕੀਤੀ ਜਾਵੇਗੀ । ਜਿਕਰਯੋਗ ਹੈ ਕਿ ਅਮਨ ਅਰੋੜਾ ਨੂੰ ਛੱਡ ਬਾਕੀ ਨਵੇਂ ਬਣੇ ਮੰਤਰੀ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜੇ ਹਨ। ਗਗਨ ਮਾਨ ਨੂੰ ਮੰਤਰੀ ਬਣਾਉਣ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਵਿੱਚ ਦੋ ਔਰਤ ਮੰਤਰੀ ਹੋ ਗਈਆਂ ਹਨ, ਮਲੋਟ ਤੋਂ ਵਿਧਾਇਕਾ ਡਾ ਬਲਜੀਤ ਕੌਰ ਪਹਿਲਾਂ ਤੋਂ ਹੀ ਕੈਬਨਿਟ ਮੰਤਰੀ ਵਜੋਂ ਕੰਮ ਕਰ ਰਹੇ ਹਨ। ਅੱਜ ਪੰਜ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਦੇ ਬਾਅਦ ਵੀ ਹਾਲੇ ਪੰਜਾਬ ਸਰਕਾਰ ਵਿਚ ਮੰਤਰੀਆਂ ਦੇ ਤਿੰਨ ਅਹੁਦੇ ਖਾਲੀ ਪਏ ਹਨ। ਦੱਸਣਾ ਬਣਦਾ ਹੈ 19 ਮਾਰਚ ਨੂੰ ਪਹਿਲੀ ਵਾਰ ਹੋਏ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਸ ਮੰਤਰੀਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ ਪ੍ਰੰਤੂ ਇਨ੍ਹਾਂ ਵਿਚੋਂ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਲ ਹੋਣ ਦੇ ਚਲਦੇ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਸੀ । ਜਿਸ ਤੋਂ ਬਾਅਦ ਮੁੱਖ ਮੰਤਰੀ ਸਮੇਤ ਹੁਣ ਦੱਸ ਮੰਤਰੀ ਕੰਮ ਕਰ ਰਹੇ ਸਨ ਅਤੇ ਅੱਜ ਪੰਜ ਹੋਰ ਮੰਤਰੀ ਬਣਨ ਨਾਲ ਹੁਣ ਇਨ੍ਹਾਂ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ। ਜਦੋਂ ਕਿ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਮੁੱਖ ਮੰਤਰੀ ਸਹਿਤ ਅਠਾਰਾਂ ਮੰਤਰੀ ਬਣ ਸਕਦੇ ਹਨ। ਉਧਰ ਪਾਰਟੀ ਨਾਲ ਸੁਰੂ ਤੋਂ ਹੀ ਜੁੜੀਆਂ ਚੱਲੀਆਂ ਆ ਰਹੀਆਂ ਅਤੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੀਆਂ ਦੋ ਹੋਰਨਾਂ ਮਹਿਲਾ ਵਿਧਾਇਕਾਵਾਂ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ ਨੂੰ ਮਮਤਾ ਰੇਲਵੇ ਵਿਚ ਥਾਂ ਨਾ ਮਿਲਣ ਕਾਰਨ ਉਨ੍ਹਾਂ ਦੇ ਸਮਰਥਕਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਲਜਿੰਦਰ ਕੌਰ ਇਸ ਤੋਂ ਪਹਿਲਾਂ ਪਾਰਟੀ ਦੀ ਦਿੱਲੀ ਹਾਈ ਕਮਾਂਡ ਦੇ ਬਹੁਤ ਨਜ਼ਦੀਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਈ ਹੈ। ਇਸੇ ਤਰ੍ਹਾਂ ਬੁਢਲਾਡਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦੇਵੀ ਮੰਤਰੀ ਮੰਡਲ ਵਿੱਚ ਸ਼ਾਮਲ ਪੰਜ ਕਿਆਸੇ ਲਗਾਏ ਜਾ ਰਹੇ ਸਨ ਪ੍ਰੰਤੂ ਉਨ੍ਹਾਂ ਥਾਂ ਨਹੀਂ ਦਿੱਤੀ ਹੈ। ਇਸਤੋਂ ਇਲਾਵਾ ਇਹ ਵੀ ਦਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੇ ਨਾਲ ਕੁੱਝ ਸਲਾਹਕਾਰ ਵੀ ਤੈਨਾਤ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਸਿਆਸੀ ਗ੍ਰਾਫ਼ ਇੰਨ੍ਹਾਂ ਦਿਨਾਂ ’ਚ ਕਾਫ਼ੀ ਥੱਲੇ ਚਲਿਆ ਗਿਆ ਹੈ, ਜਿਸਦੇ ਚੱਲਦੇ ਪਿਛਲੇ ਦਿਨੀਂ ਹੋਈ ਸੰਗਰੂਰ ਲੋਕ ਸਭਾ ਚੋਣ ‘ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਚੋਣ ਹਾਰ ਗਏ ਹਨ ਤੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਈ ਹੈ।
Share the post "ਭਗਵੰਤ ਮਾਨ ਦੀ ਸਰਕਾਰ ‘ਚ ਅਮਨ ਅਰੋੜਾ, ਡਾ ਨਿੱਝਰ, ਫ਼ੌਜਾ ਸਿੰਘ,ਚੇਤਨ ਜੋੜੇਮਾਜਰਾ, ਗਗਨ ਮਾਨ ਬਣੇ ਮੰਤਰੀ"