‘ਪਾਣੀ ਬਚਾਓ, ਖੇਤੀ ਬਚਾਓ‘ ਮੋਰਚੇ ਚੌਥੇ ਦਿਨ ਵੀ ਜਾਰੀ ਤੇ ਅੱਜ ਵੀ ਅਗਵਾਈ ਔਰਤ ਆਗੂਆਂ ਨੇ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੁਆਰਾ ਝੋਨੇ ਅਤੇ ਹੋਰ ਫਸਲਾਂ ਦੀ ਐਮ ਐੱਸ ਪੀ ਵਿੱਚ ਕੀਤਾ ਗਿਆ ਨਿਗੂਣਾ ਵਾਧਾ ਰੱਦ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ (ਸੀ-2+50%) ਫਾਰਮੂਲੇ ਮੁਤਾਬਕ ਖੇਤੀਬਾੜੀ ਵਿਭਾਗ ਪੰਜਾਬ ਦੁਆਰਾ ਛੇ ਮਹੀਨੇ ਪਹਿਲਾਂ ਇਸ ਸੌਣੀ ਸੀਜਨ ਲਈ ਝੋਨੇ ਦਾ ਐਮ ਐੱਸ ਪੀ 3135 ਰੁ: ਏ ਗ੍ਰੇਡ ਦਾ ਅਤੇ 3085 ਰੁ: ਆਮ ਕਿਸਮ ਦਾ ਪ੍ਰਤੀ ਕੁਇੰਟਲ ਮੰਗਿਆ ਗਿਆ ਸੀ,ਪਰ ਕੇਂਦਰ ਨੇ ਦਿੱਤਾ ਹੈ ਕ੍ਰਮਵਾਰ ਸਿਰਫ 2060 ਅਤੇ 2040 ਰੁ:। ਇਸ ਤਰ੍ਹਾਂ ਝੋਨੇ ਸਮੇਤ ਹੋਰ ਫਸਲਾਂ ਦੇ ਐਮ ਐੱਸ ਪੀ ਵੀ ਬੇਹੱਦ ਘਾਟੇਵੰਦੇ ਐਲਾਨੇ ਗਏ ਹਨ। ਕਿਸਾਨ ਜਥੇਬੰਦੀਆਂ ਦੀ ਚਿਰੋਕਣੀ ਮੰਗ ਹੈ ਕਿ ਸਾਰੀਆਂ ਫਸਲਾਂ ਦੇ ਐਮ ਐੱਸ ਪੀ (ਸੀ-2+50%) ਫਾਰਮੂਲੇ ਮੁਤਾਬਕ ਲਾਹੇਵੰਦ ਮਿਥੇ ਜਾਣ ਅਤੇ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ‘ਪਾਣੀ ਬਚਾਓ, ਖੇਤੀ ਬਚਾਓ‘ ਪੰਜ ਰੋਜਾ ਸੂਬਾਈ ਮੋਰਚੇ ਦੌਰਾਨ ਜਥੇਬੰਦੀ ਵੱਲੋਂ ਅੱਜ ਚੌਥੇ ਦਿਨ ਵੀ 19 ਜ?ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਧਰਨੇ ਲਾਏ ਗਏ, ਜਿਨ੍ਹਾਂ ਵਿੱਚ ਬਹੁਤ ਥਾਂਵਾਂ ‘ਤੇ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਪੂਰੇ ਪੰਜਾਬ ‘ਚ ਕੁੱਲ ਮਿਲਾ ਕੇ ਹਜਾਰਾਂ ਕਿਸਾਨ ਮਜਦੂਰ ਮੁਲਾਜਮ ਤੇ ਹੋਰ ਕਿਰਤੀ ਲੋਕ ਸਾਮਲ ਹੋਏ। ਅੱਜ ਵੀ ਔਰਤ ਇਕਾਈਆਂ ਵਾਲੇ ਪਿੰਡਾਂ ਵਿੱਚ ਧਰਨਿਆਂ ਦੀ ਅਗਵਾਈ ਔਰਤ ਆਗੂਆਂ ਨੇ ਕੀਤੀ। ਜਿਆਦਾਤਰ ਧਰਨੇ ਪਿੰਡਾਂ ਦੇ ਜਲ ਘਰਾਂ ਵਿੱਚ ਲਾਏ ਗਏ ਹਨ, ਜਿੱਥੇ ਜਲ ਸਪਲਾਈ ਕਾਮੇ ਵੀ ਬਹੁਤੇ ਥਾਈਂ ਸਾਮਲ ਹੋਏ।
ਮੋਰਚਿਆਂ ਵਿੱਚ ਕੁੱਦੇ ਲੋਕ ਮੰਗ ਕਰ ਰਹੇ ਹਨ ਕਿ ਪਾਣੀ ਨੂੰ ਮੁਨਾਫਾਬਖਸ ਵਪਾਰਕ ਵਸਤੂ ਐਲਾਨ ਚੁੱਕੇ ਸੰਸਾਰ ਬੈਂਕ ਦੀ ਜਲ ਨੀਤੀ ਅਧੀਨ ਪਾਣੀ ਦੇ ਸਾਰੇ ਸੋਮੇ ਦੇਸੀ ਵਿਦੇਸੀ ਕਾਰਪੋਰੇਟਾਂ ਨੂੰ ਸੌਂਪ ਕੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਨੀਤੀ ਕਦਮ ਅਤੇ ਸੁਰੂ ਕੀਤੇ ਸਾਰੇ ਪ੍ਰਾਜੈਕਟ ਪੰਜਾਬ ਅਸੈਂਬਲੀ ‘ਚ ਮਤਾ ਪਾਸ ਕਰਕੇ ਰੱਦ ਕੀਤੇ ਜਾਣ। ਪੇਂਡੂ ਜਲ ਸਪਲਾਈ ਦਾ ਪਹਿਲਾ ਢਾਂਚਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਇਹ ਮੰਗਾਂ ਲਗਾਤਾਰ ਨਜਰਅੰਦਾਜ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ ਹੋਰ ਵਿਸਾਲ ਅਤੇ ਤੇਜ ਕੀਤਾ ਜਾਵੇਗਾ। 10 ਜੂਨ ਤੱਕ ਲਗਾਤਾਰ ਚੱਲਣ ਵਾਲੇ ਇਨ੍ਹਾਂ ‘ਪਾਣੀ ਬਚਾਓ, ਖੇਤੀ ਬਚਾਓ‘ ਮੋਰਚਿਆਂ ਵਿੱਚ ਬੁਲਾਰਿਆਂ ਵੱਲੋਂ ਕਿਸਾਨਾਂ ਮਜਦੂਰਾਂ ਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵਧ ਚੜ੍ਹ ਕੇ ਸਾਮਲ ਹੋਣ ਦਾ ਜੋਰਦਾਰ ਸੱਦਾ ਦਿੱਤਾ ਜਾ ਰਿਹਾ ਹੈ। ਪਿੰਡ ਪਿੰਡ ਢੋਲ ਮਾਰਚ, ਜਾਗੋ ਮਾਰਚ ਕੀਤੇ ਜਾ ਰਹੇ ਹਨ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੇ ਕਰਮਜੀਤ ਕੌਰ ਲਹਿਰਾਖਾਨਾ (ਬਠਿੰਡਾ), ਜਸਵੀਰ ਕੌਰ ਉਗਰਾਹਾਂ, ਬਿੰਦਰਪਾਲ ਕੌਰ ਭਦੌੜ ਤੇ ਕਮਲਜੀਤ ਕੌਰ (ਬਰਨਾਲਾ), ਗੁਰਪ੍ਰੀਤ ਕੌਰ ਬਰਾਸ ਤੇ ਮਨਦੀਪ ਕੌਰ ਬਾਰਨ (ਪਟਿਆਲਾ), ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ (ਮੋਗਾ), ਸਰੋਜ ਰਾਣੀ ਦਿਆਲਪੁਰਾ (ਮਾਨਸਾ), ਪਲਵਿੰਦਰ ਕੌਰ ਗੋਸਲ ਤੇ ਮਨਜੀਤ ਕੌਰ ਤਲਵੰਡੀ (ਅੰਮਿ੍ਰਤਸਰ) ਸਮੇਤ ਜਥੇਬੰਦੀ ਦੇ ਸੂਬਾ ਅਹੁਦੇਦਾਰ ਅਤੇ ਜਿਲ੍ਹਿਆਂ/ਬਲਾਕਾਂ ਦੇ ਆਗੂ ਸਾਮਲ ਸਨ।
Share the post "ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਝੋਨੇ ਤੇ ਹੋਰ ਫਸਲਾਂ ਦੀ ਐਮ ਐੱਸ ਪੀ ‘ਚ ਕੀਤਾ ਨਿਗੂਣਾ ਵਾਧਾ ਰੱਦ"