ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ: ਪਿਛਲੇ ਕਈ ਦਹਾਕਿਆਂ ਤੋਂ ਫ਼ੌਜੀ ਛਾਉਣੀ ਦੇ ਨਾਲ ਲੱਗਦੇ ਖੇਤਰਾਂ ’ਚ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਦੀ ਉਸਾਰੀ ’ਤੇ ਲਗਾਈ ਰੋਕ ਦੀ ਸੀਮਾ ਵਿਚ ਰਾਹਤ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪਾਰਟੀ ਦੇ ਸੂਬਾਈ ਬੁਲਾਰੇ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਡਵੋਕੇਟ ਅਸ਼ੋਕ ਭਾਰਤੀ ਨੇ ਇੱਥੇ ਦਸਿਆ ਕਿ ਨਿਯਮਾਂ ਮੁਤਾਬਕ ਫੌਜੀ ਛਾਉਣੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸਾਰੀ ਲਈ ਤੈਅ 1200 ਗਜ ਦੀ ਸ਼ਰਤ ਲੱਗੀ ਹੋਣ ਕਾਰਨ ਉਸਾਰੀਆਂ ਲਈ ਵੱਡੀਆਂ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਮਾਨਸਾ ਰੋਡ ਦੀ ਹੱਦ ਛਾਉਣੀ ਅੰਦਰ ਬਣੇ ਅਸਲਾ ਭੰਡਾਰ ਦੇ ਨਾਲ ਲੱਗਦੀ ਹੈ। ਜਿਸਦੇ ਚੱਲਦੇ ਇਸ ਅਸਲਾ ਡਿਪੋ ਤਂੋ ਬਾਹਰ ਤੱਕ ਕਰੀਬ 1200 ਗਜ ਖੇਤਰ ਵਿੱਚ ਨਗਰ ਨਿਗਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਆਗਿਆ ਨਹੀਂ ਦਿੰਦਾ ਹੈ । ਜਦੋਂਕਿ ਇਸ ਇਲਾਕੇ ਦੀ ਮੁੱਖ ਸੜਕ ਵਪਾਰਕ ਹੋਣ ਕਾਰਨ ਕਾਫ਼ੀ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਉਨ੍ਹਾਂ ਉਮੀਦ ਜਾਹਰ ਕੀਤੀ ਕਿ ਪ੍ਰਧਾਨ ਮੰਤਰੀ ਲੋਕਾਂ ਦੇ ਇਸ ਗੰਭੀਰ ਮੁੱਦੇ ਪ੍ਰਤੀ ਜਰੂਰ ਧਿਆਨ ਦੇਣਗੇ।
Share the post "ਭਾਜਪਾ ਆਗੂ ਨੇ ਫ਼ੌਜੀ ਛਾਉਣੀ ਤੋਂ ਗੈਰ-ਉਸਾਰੀ ਦੀ ਸੀਮਾ ਵਿੱਚ ਰਾਹਤ ਦੇਣ ਲਈ ਲਿਖਿਆ ਮੋਦੀ ਨੂੰ ਪੱਤਰ"