ਬੀਡੀਏ ਤੋਂ ਵਪਾਰਕ ਪਲਾਟ ਨੂੰ ਰਿਹਾਇਸ਼ੀ ਵਿਚ ਤਬੀਦਲ ਕਰਵਾ ਕੇ ਖ਼ਰੀਦਣ ਦੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਵਾਦਤ ਪਲਾਟ ’ਚ ਰੱਖੀ ਸੀ ਘਰ ਬਣਾਉਣ ਦੀ ਨੀਂਹ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਫ਼ੇਜ ਇੱਕ ਵਿਚ ਕਰੀਬ ਪੌਣੇ ਦੋ ਸਾਲ ਪਹਿਲਾਂ ਬੀਡੀਏ ਦੇ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ’ਚ ਤਬਦੀਲ ਕਰਵਾ ਕੇ ਖਰੀਦਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਵਿਜੀਲੈਂਸ ਨੇ ਤਲਬ ਕਰ ਲਿਆ ਹੈ। ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਕੋਲ ਸਿਕਾਇਤ ਕੀਤੀ ਸੀ, ਜੋਕਿ ਹੁਣ ਭਾਜਪਾ ਦੇ ਮੌਜੂਦਾ ਪ੍ਰਧਾਨ ਹਨ। ਸ਼੍ਰੀ ਸਿੰਗਲਾ ਨੇ ਵਿਜੀਲੈਂਸ ਕੋਲ ਸਿਕਾਇਤ ਕਰਦਿਆਂ ਦਾਅਵਾ ਕੀਤਾ ਸੀ ਕਿ ਵਿਤ ਮੰਤਰੀ ਵਜੋਂ ਅਪਣਾ ਰਸੂਖ ਵਰਤਦਿਆਂ ਸ: ਬਾਦਲ ਨੇ ਨਾ ਸਿਰਫ਼ ਇਸ ਪਲਾਟ ਨੂੰ ਵਪਾਰਕ ਤੋਂ ਰਿਹਾਇਸ਼ੀ ’ਚ ਤਬਦੀਲ ਕਰਕੇ ਸਰਕਾਰ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ, ਬਲਕਿ ਬੀਡੀਏ ਦੇ ਅਧਿਕਾਰੀਆਂ ਨੇ ਵੀ ਨਿਯਮਾਂ ਨੂੰ ਅੱਖੋ-ਪਰੋਖੇ ਕੀਤਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਪਲਾਟ ਵਿਚ ਘਰ ਬਣਾਉਣ ਲਈ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 15 ਅਕਤੂਬਰ 2021 ਨੂੰ ਰੱਖੀ ਗਈ ਸੀ ਪ੍ਰੰਤੂ ਬਠਿੰਡਾ ਨੂੰ ਪੱਕਾ ਟਿਕਾਣਾ ਬਣਾਉਣ ਦਾ ਐਲਾਨ ਕਰਨ ਵਾਲੇ ਸ: ਬਾਦਲ ਨੇ ਚੋਣਾਂ ਵਿਚ ਹਾਰਨ ਤੋਂ ਬਾਅਦ ਇਸ ਪਲਾਟ ਵਿਚ ਘਰ ਬਣਾਉਣ ਦੀ ਯੋਜਨਾ ਨੂੰ ਵੀ ਅੱਧਵਾਟੇ ਛੱਡ ਦਿੱਤਾ ਸੀ। ਵੱਡੀ ਗੱਲ ਇਹ ਵੀ ਹੈ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਦੋਨਾਂ ਆਗੂਆਂ(ਸਰੂਪ ਸਿੰਗਲਾ ਤੇ ਮਨਪ੍ਰੀਤ ਬਾਦਲ) ਨੇ ਇੱਕ ਦੂਜੇ ਵਿਰੁਧ ਚੋਣ ਲੜੀ ਸੀ ਪ੍ਰੰਤੂ ਬਾਅਦ ਵਿਚ ਦੋਨੋਂ ਹੀ ਆਪੋ-ਅਪਣੀਆਂ ਪਾਰਟੀਆਂ(ਅਕਾਲੀ ਦਲ ਤੇ ਕਾਂਗਰਸ) ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਧਰ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਹ ਅਪਣੀ ਸਿਕਾਇਤ ਵਾਪਸ ਨਹੀਂ ਲੈਣਗੇ ਤੇ ਉਨਾਂ ਨੂੰ ਵਿਜੀਲੈਂਸ ਉਪਰ ਪੂਰਨ ਭਰੋਸਾ ਹੈ ਕਿ ਉਹ ਇਸ ਮਾਮਲੇ ਵਿਚ ਇਨਸਾਫ਼ ਕਰੇਗੀ। ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਬਕਾ ਵਿਤ ਮੰਤਰੀ ਨੂੂੰ ਸੰਮਨ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਮਨਪ੍ਰੀਤ ਸਿੰਘ ਬਾਦਲ ਕੋਲੋਂ ਇਸ ਪਲਾਟ ਦੇ ਕੁੱਝ ਤੱਥਾਂ ਬਾਰੇ ਪੁਛ ਪੜਤਾਲ ਕੀਤੀ ਜਾਣੀ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਸੋਮਵਾਰ ਨੂੰ ਬਠਿੰਡਾ ਸਥਿਤ ਵਿਜੀਲੈਂਸ ਬਿਉਰੋ ਦੇ ਦਫ਼ਤਰ ਵਿਚ ਬੁਲਾਇਆ ਗਿਆ ਹੈ। ’’ ਦਸਣਾ ਬਣਦਾ ਹੈ ਕਿ ਬੀਡੀਏ ਵਲੋਂ ਟੀਵੀ ਟਾਵਰ ਦੇ ਨਜਦੀਕ ਕੁੱਝ ਵਪਾਰਕ ਪਲਾਟ ਛੱਡੇ ਹੋਏ ਸਨ ਪ੍ਰੰਤੂ ਇਸ ਵਿਚੋਂ 1500 ਗਜ਼ ਦੇ ਇੱਕ ਪਲਾਟ ਨੂੰ ਅਚਾਨਕ ਬੀਡੀਏ ਨੇ ਵਪਾਰਕ ਤੋਂ ਰਿਹਾਇਸ਼ੀ ਵਿਚ ਤਬਦੀਲ ਕਰਕੇ ਕੁੱਝ ਲੋਕਾਂ ਨੂੰ ਬੋਲੀ ਉਪਰ ਦੇ ਦਿੱਤਾ। ਜਿੰਨਾਂ ਤੋਂ ਅੱਗੇ ਮਨਪ੍ਰੀਤ ਸਿੰਘ ਬਾਦਲ ਨੇ ਇਹ ਪਲਾਟ ਖ਼ਰੀਦ ਲਿਆ ਸੀ।
ਬਾਕਸ
ਬਠਿੰਡਾ ’ਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਦੀ ਵੀ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ ਜਾਂਚ
ਬਠਿੰਡਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਵਿਜੀਲੈਂਸ ਬਿਉਰੋ ਬਠਿੰਡਾ ਕੋਲ ਇੱਕ ਹੋਰ ਸਿਕਾਇਤ ਕੀਤੀ ਹੋਈ ਹੈ, ਜਿਸ ਵਿਚ ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਵਿਚ ਹੋਏ ਕਥਿਤ ਘਪਲੇ ਦੇ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮਨਪ੍ਰੀਤ ਬਾਦਲ ਨੇ ਅਪਣਾ ਸਿਆਸੀ ਪ੍ਰਭਾਵ ਵਰਤਦਿਆਂ ਅਪਣੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਦੇ ਡਰਾਈਵਰ ਜੀਤਾ ਬਰਾੜ ਦੇ ਨਾਂ ’ਤੇ ਜੇ.ਬੀ. ਟਰੈਡਿੰਗ ਕੰਪਨੀ ਬਣਾ ਕੇ ਪੂਰੇ ਪੰਜ ਸਾਲ ਨਾ ਸਿਰਫ਼ ਬਠਿੰਡਾ, ਬਲਕਿ ਆਸ ਪਾਸ ਦੀਆਂ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੁਆਈ ਦਾ ਕੰਮ ਫੁੱਲ ਰੇਟ ‘ਤੇ ਹਾਸਲ ਕਰੀ ਰੱਖਿਆ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ ਤੇ ਜੀਤਾ ਬਰਾੜ ਤੋਂ ਪੁਛਗਿਛ ਕੀਤੀ ਜਾ ਰਹੀ ਹੈ। .
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਸਿਕਾਇਤ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਵਲੋਂ ਸੋਮਵਾਰ ਨੂੰ ਤਲਬ
14 Views