ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਦਿਆਂ ਉਨ੍ਹਾਂ ਕੋਲੋ 80 ਗ੍ਰਾਂਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਸੀਆਈਏ-1 ਵਿੰਗ ਵਲੋਂ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਸਵਿੱਫ਼ਟ ਡਿਜ਼ਾਇਰ ਕਾਰ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੰਡ ਭੁੱਚੋਂ ਖੁਰਦ ਕੋਲ ਰੋਕ ਕੇ ਤਲਾਸੀ ਲਈ ਗਈ। ਤਲਾਸ਼ੀ ਦੌਰਾਨ ਉਕਤ ਨੌਜਵਾਨਾਂ ਕੋਲੋ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਦੀਪ ਸਿੰਘ ਉਰਫ਼ ਗੋਲਾ ਵਾਸੀ ਭੁੱਚੋਂ ਕਲਾ ਤੇ ਮਨਦੀਪ ਸਿੰਘ ਵਾਸੀ ਬੁਰਜ ਸੇਮਾ ਦੇ ਤੌਰ ’ਤੇ ਹੋਈ ਹੈ। ਇੰਨ੍ਹਾਂ ਵਿਰੁਧ ਥਾਣਾ ਕੈਂਟ ਵਿਖੇ ਐੱਨਡੀਪੀਐੱਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ, ਜਿਸ ਵਿਚ ਇੰਨ੍ਹਾਂ ਮੰਨਿਆ ਹੈ ਕਿ ਉਹ ਫ਼ਿਰੋਜ਼ਪੁਰ ‘ਚੋਂ ਹੈਰੋਇਨ ਖਰੀਦ ਕੇ ਲਿਆਏ ਸਨ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਧੋਬੀਆਣਾ ਚੌਕ ਨਜਦੀਕ ਇੱਕ ਨੌਜਵਾਨ ਨੂੰ ਗਿ੍ਰਫਤਾਰ ਕਰਕੇ ਉਸ ਕੋਲੋ ਵੀ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਦੀ ਪਹਿਚਾਣ ਭੁਪਿੰਦਰਪਾਲ ਸਿੰਘ ਵਾਸੀ ਅਜੀਤ ਰੋਡ ਵਜੋਂ ਹੋਈ ਹੈ।
ਬਾਕਸ
ਬਠਿੰਡਾ ’ਚ ਦੋ ਹੋਰ ਨੌਜਵਾਨਾਂ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਬਠਿੰਡਾ : ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਚਰਚਾ ਵਿਚ ਚੱਲਿਆ ਆ ਰਿਹਾ ਬਠਿੰਡਾ ਜ਼ਿਲ੍ਹੇ ਵਿਚ ਅੱਜ ਦੋ ਹੋਰ ਨੌਜਵਾਨਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਹਾਲਾਂਕਿ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ ਪ੍ਰੰਤੂ ਚਰਚਾ ਮੁਤਾਬਕ ਇਹ ਘਟਨਾ ਵੀ ਜਿਆਦਾ ਨਸ਼ਾ ਕਾਰਨ ਵਾਪਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੰਨ੍ਹਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਸਥਾਨਕ ਸਾਈਂ ਨਗਰ ਵਿਚ ਸਥਿਤ ਇਕ ਖਾਲੀ ਪਲਾਟ ਵਿਚੋਂ ਮਿਲੀ ਹੈ। ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਵਰਧਮਾਨ ਚੌਂਕੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਲਿਆਂਦਾ ਗਿਆ। ਇਸੇ ਤਰ੍ਹਾਂ ਪਿੰਡ ਨਥਾਣਾ ਵਿਚ ਵੀ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ 10 ਨੌਜਵਾਨ ਨਸ਼ੇ ਦੀ ਵੱਧ ਮਾਤਰਾ ਵਿਚ ਲੈਣ ਕਾਰਨ ਮੌਤ ਹੋ ਚੁੱਕੀ ਹੈ। ਜਿੰਨ੍ਹਾਂ ਵਿਚ ਅੱਧੀ ਦਰਜ਼ਨ ਤੋਂ ਵੱਧ ਇਕੱਲੇ ਬਠਿੰਡਾ ਸ਼ਹਿਰ ’ਚ ਮੌਤਾਂ ਹੋਈਆਂ ਹਨ।