ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਭਾਸ਼ਾ ਵਿਭਾਗ ਵੱਲੋਂ ਵਿਭਾਗ ਦੇ 75ਵੇਂ ਸਥਾਪਨਾ ਸਾਲ ਨੂੰ ਵਿਲੱਖਣ ਰੂਪ ਵਿੱਚ ਮਨਾਉਣ ਲਈ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ-ਧਾਰਾ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ। ਇਸ ਮੌਕੇ ਸਤਿਕਾਰਤ ਮਹਿਮਾਨਾਂ ਦੇ ਤੌਰ ਤੇ ਡਾ. ਪੂਜਾ ਗੋਸਵਾਮੀ ਸਹਾਇਕ ਪ੍ਰੋਫੈਸਰ ਸੰਗੀਤ ਵਿਭਾਗ ਐਸ.ਐਸ.ਡੀ.ਗਰਲਜ਼ ਕਾਲਜ, ਸ਼੍ਰੀ ਰਘਬੀਰ ਚੰਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਟੀਚਰਜ਼ ਹੋਮ ਅਤੇ ਸ਼੍ਰੀ ਲਛਮਣ ਸਿੰਘ ਮਲੂਕਾ ਸਕੱਤਰ ਟੀਚਰਜ਼ ਹੋਮ ਨੇ ਸ਼ਿਰਕਤ ਕੀਤੀ । ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਭਾਸ਼ਾ ਵਿਭਾਗ ਮੂਲ ਤੌਰ ਤੇ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਮ ਹੇਠ ਸਥਾਪਿਤ ਹੋਇਆ ਸੀ, ਜਿਸਦਾ ਨਾਮ ਬਾਅਦ ਵਿੱਚ ਪੰਜਾਬੀ ਸੂਬਾ ਬਣਨ ਉਪਰੰਤ ਬਦਲ ਕੇ ਭਾਸ਼ਾ ਵਿਭਾਗ ਪੰਜਾਬ ਕਰ ਦਿੱਤਾ ਗਿਆ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਮਾਂ-ਬੋਲੀ ਦੀ ਉੱਨਤੀ ਲਈ ਭਾਸ਼ਾ ਵਿਭਾਗ ਨੇ ਅਨੇਕਾਂ ਵਰਨਣਯੋਗ ਪ੍ਰੋਜੈਕਟ ਨੇਪਰੇ ਚਾੜੇ ਹਨ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਦੌਰਾਨ ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ। ਕਾਲਜ ਦੇ ਵਿਦਿਆਰਥੀਆਂ ਨੂੰ ਸੰਗੀਤਕ ਮਹਿਫ਼?ਲ ਲਈ ਤਿਆਰੀ ਸਹਾਇਕ ਪ੍ਰੋਫੈਸਰ ਸੰਗੀਤ ਵਿਭਾਗ ਲਖਵੀਰ ਸਿੰਘ ਡੀ.ਏ.ਵੀ. ਕਾਲਜ ਨੇ ਕਰਵਾਈ। ਵਿਦਿਆਰਥੀਆਂ ਵਿੱਚੋਂ ਗੁਰਮਿੰਦਰ ਕੌਰ ਅਤੇ ਨੈਨਸੀ ਐਸ.ਐਸ.ਡੀ.ਗਰਲਜ਼ ਕਾਲਜ, ਮਨਜੋਤ ਕੌਰ ਸਰਕਾਰੀ ਰਜਿੰਦਰਾ ਕਾਲਜ ਅਤੇ ਦਿਲਰਾਜ ਸਿੰਘ ਡੀ.ਏ.ਵੀ.ਕਾਲਜ ਨੇ ਲੋਕ ਗੀਤਾਂ ਦੀ ਬਾ-ਕਮਾਲ ਪੇਸ਼ਕਾਰੀ ਕੀਤੀ। ਕਪਿਲ ਬੱਤਰਾ ਅਤੇ ਪ੍ਰੋਫੈਸਰ ਲਖਵੀਰ ਨੇ ਮਹਿਮਾਨ ਵੰਨਗੀ ਦੇ ਤੌਰ ‘ਤੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਸਥਾਪਨਾ ਉਤਸਵ ਵਿੱਚ ਸ਼ਹਿਰ ਦੀਆਂ ਮਸ਼ਹੂਰ ਸਾਹਿਤਕ ਹਸਤੀਆਂ ਕਹਾਣੀਕਾਰ ਅਤਰਜੀਤ, ਸਾਹਿਤਕਾਰ ਲਾਭ ਸਿੰਘ ਸੰਧੂ, ਗ਼ਜ਼ਲ-ਗੋ ਰਣਬੀਰ ਰਾਣਾ, ਕਵਿਤਰੀ ਸਨੇਹ ਲਤਾ, ਕਵੀ ਅਮਰਜੀਤ ਜੀਤ, ਕਹਾਣੀਕਾਰ ਮਲਕੀਤ ਸਿੰਘ ਮਛਾਣਾ, ਕਵੀ ਅਮਨ ਦਾਤੇਵਾਸ, ਕਵੀ ਰਣਜੀਤ ਗੌਰਵ, ਸਕੱਤਰ ਨਾਟਿਅਮ ਸੁਰਿੰਦਰ ਕੌਰ, ਅਦਾਕਾਰ ਨਾਟਿਅਮ ਮਨਪ੍ਰੀਤ ਮਨੀ, ਐਮ. ਡੀ. ਫਤਹਿ ਕਾਲਜ ਸੁਖਮੰਦਰ ਸਿੰਘ ਚੱਠਾ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਸਮੂਹ ਸਟਾਫ਼ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਸਜਾਈ ‘ਸੰਗੀਤਕ ਮਹਿਫ਼ਲ’
14 Views