ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਵੀ ਅਪਣੇ ਧੜੇ ਸਹਿਤ ਨਹੀਂ ਕੀਤੀ ਸ਼ਿਰਕਤ
ਆਉਣ ਵਾਲੇ ਦਿਨਾਂ ’ਚ ਵੱਡੀ ਸਿਆਸੀ ਹਲਚਲ ਹੋਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਿਸੇ ਸਮੇਂ ਕਾਂਗਰਸ ਪਾਰਟੀ ਨੂੰ ਦੇਸ ਦਾ ਕੀਮਤੀ ਸਰਮਾਇਆ ਦੱਸਣ ਵਾਲੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਨੇ ਹੁਣ ਪਾਰਟੀ ਦੇ ਸਿਆਸੀ ਪ੍ਰੋੋਗਰਾਮਾਂ ਤੋਂ ਦੂਰੀ ਬਣਾ ਲਈ ਹੈ। ਪਿਛਲੇ ਇੱਕ ਕਰੀਬ ਹਫ਼ਤੇ ਤੋਂ ਪੰਜਾਬ ’ਚ ਭਾਰਤਾ ਜੋੜੋ ਯਾਤਰਾ ਕਰ ਰਹੇ ਰਾਹੁਲ ਗਾਂਧੀ ਦੇ ਪ੍ਰੋੋਗਰਾਮਾਂ ਵਿਚ ਵੀ ਸ: ਬਾਦਲ ਹਾਲੇ ਤੱਕ ਦਿਖ਼ਾਈ ਨਹੀਂ ਦਿੱਤੇ। ਵੱਡੀ ਗੱਲ ਅੱਜ ਇਹ ਵੀ ਦੇਖਣ ਨੂੰ ਮਿਲੀ ਕਿ ਅੱਜ ਬਠਿੰਡਾ ਸ਼ਹਿਰੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਡਿਊਟੀ ਰਾਹੁਲ ਗਾਂਧੀ ਦੀ ਯਾਤਰਾ ਵਿਚ ਦਸੂਹਾ ਹਲਕੇ ਨਜਦੀਕ ਸ਼ਾਮਲ ਹੋਣ ਦੀ ਲੱਗੀ ਹੋਈ ਸੀ ਪ੍ਰੰਤੂ ਇਕੱਲੇ ਸਾਬਕਾ ਮੰਤਰੀ ਹੀ ਨਹੀਂ, ਬਲਕਿ ਉਨ੍ਹਾਂ ਦੇ ਪੂਰੇ ਧੜੇ ਵਲੋਂ ਵੀ ਇਸ ਪ੍ਰੋਗਰਾਮ ਵਿਚ ਸਮੂਲੀਅਤ ਨਹੀਂ ਕੀਤੀ। ਜਿਸ ਕਾਰਨ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਹਨ। ਗੌਰਤਲਬ ਹੈ ਕਿ ਚੋਣਾਂ ’ਚ ਹਾਰਨ ਦੇ ਬਾਵਜੂਦ ਬਠਿੰਡਾ ਸ਼ਹਿਰ ’ਚ ਮਨਪ੍ਰੀਤ ਬਾਦਲ ਦਾ ਇੱਕ ਵੱਡਾ ਧੜਾ ਹੈ, ਜਿਸਦੇ ਜਿਆਦਾਤਰ ਆਗੂ ਪਾਰਟੀ ਦੀ ਬਜਾਏ ਉਨ੍ਹਾਂ ਨਾਲ ਜੁੜਕੇ ਚੱਲਣ ਲੱਗੇ ਹਨ। ਇੰਨ੍ਹਾਂ ਵਿਚ ਕਾਂਗਰਸ ਦੇ ਕਬਜ਼ੇ ਹੇਠਲੇ ਨਗਰ ਨਿਗਮ ਦਾ ਮੇਅਰ , ਡਿਪਟੀ ਮੇਅਰ ਅਤੇ ਸਵਾ ਦਰਜ਼ਨ ਦੇ ਕਰੀਬ ਕਾਂਗਰਸੀ ਕੌਂਸਲਰ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਆਦਿ ਦਾ ਨਾਂ ਪ੍ਰਮੂੱਖਤਾ ਨਾਲ ਬੋਲਦਾ ਹੈ। ਇਸ ਧੜੇ ਨਾਲ ਜੁੜੇ ਕੁੱਝ ਆਗੂਆਂ ਨੇ ਦੱਬੀ ਜੁਬਾਨ ਵਿਚ ਖ਼ੁਲਾਸਾ ਕੀਤਾ ਕਿ ‘‘ ਉਨ੍ਹਾਂ ਨੂੰ ਸਾਬਕਾ ਮੰਤਰੀ ਵਲੋਂ ਇਸ ਯਾਤਰਾ ਵਿਚ ਸਮੂਲੀਅਤ ਕਰਨ ਦਾ ਕੋਈ ਇਸ਼ਾਰਾ ਨਹੀਂ ਕੀਤਾ ਗਿਆ। ’’ ਜਿਕਰਯੋਗ ਹੈ ਕਿ ਬਠਿੰਡਾ ਪੱਟੀ ’ਚ ਮਨਪ੍ਰੀਤ ਦੇ ਵਿਰੋਧੀ ਦਾਅਵੇ ਕਰ ਰਹੇ ਹਨ ਕਿ ਉਕਤ ਆਗੂ ਜਲਦੀ ਹੀ ਨਵਾਂ ਸਿਆਸੀ ‘ਫੁੱਲ’ ਖਿੜਾਉਣ ਜਾ ਰਹੇ ਹਨ। ਜਿਸਦੇ ਚੱਲਦੇ ਰਾਹੁਲ ਦੇ ਸਮਾਗਮਾਂ ਤੋਂ ਟਾਲਾ ਵੱਟਣ ਕਾਰਨ ਅਜਿਹੀਆਂ ਅਫ਼ਵਾਹਾਂ ਨੂੰ ਹੋਰ ਵੀ ਬਲ ਮਿਲ ਰਿਹਾ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ’ਚ ਮਨਪ੍ਰੀਤ ਬਾਦਲ ਦੇ ਹਿਮਾਇਤੀਆਂ ਵਲੋਂ ਸ਼ਹਿਰ ਵਿਚ ਲੋਹੜੀ ਅਤੇ ਮਾਘੀ ਦੀ ਵਧਾਈ ਵਾਲੇ ਹੋਰਡਿੰਗ ਲਗਾਏ ਗਏ ਸਨ, ਪ੍ਰੰਤੂ ਇੰਨ੍ਹਾਂ ਵਿਚ ਕਿਧਰੇ ਵੀ ਕਾਂਗਰਸ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ। ਇਸਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਲੋਂ ਵੀ ਲਗਾਤਾਰ ਸੋਸ਼ਲ ਮੀਡੀਆ ਉਪਰ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਿਰੁਧ ਭੜਾਸ ਕੱਢੀ ਜਾਂਦੀ ਰਹੀ ਹੈ। ਉਧਰ ਕੁੱਝ ਪੱਤਰਕਾਰਾਂ ਵਲੋਂ ਅੱਜ ਦੇ ਰਾਹੁਲ ਗਾਂਧੀ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਸਬੰਧੀ ਪੁੱਛੈ ਜਾਣ ’ਤੇ ਜੈਜੀਤ ਜੌਹਲ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ, ਜਿਸਦੇ ਚੱਲਦੇ ਉਹ ਕਿਸ ਤਰ੍ਹਾਂ ਜਾਂਦੇ। ਇਸਤੋਂ ਇਲਾਵਾ ਉਨ੍ਹਾਂ ਪਾਰਟੀ ਛੱਡਣ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਗਲਤ ਕਰਾਰ ਦਿੱਤਾ।
Share the post "ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਸਿਆਸੀ ਪ੍ਰੋਗਰਾਮਾਂ ਤੋਂ ਵੱਟਿਆ ਪਾਸਾ!"