ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.) ਬਠਿੰਡਾ ਦੇ ਗਣਿਤ ਵਿਭਾਗ ਵੱਲੋਂ ਮਹਾਨ ਗਣਿਤ-ਸ਼ਾਸਤਰੀ ਸ਼੍ਰੀਨਿਵਾਸਨ ਰਾਮਾਨੁਜਨ ਨੂੰ ਯਾਦ ਕਰਦਿਆਂ ਰਾਸ਼ਟਰੀ ਗਣਿਤ ਦਿਵਸ ਸ਼ਾਨੋ-ਸ਼ੌਕਤ ਨਾਲ ਅੱਜ ਕੈਂਪਸ ਵਿਖੇ ਮਨਾਇਆ ਗਿਆ।ਇਸ ਮੌਕੇ ਬੋਲਦਿਆਂ ਵਿਭਾਗ ਦੇ ਸੀਨੀਅਰ ਫੈਕਲਟੀ ਪ੍ਰੋ: (ਡਾ.) ਕਰਨਵੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਭਾਰਤੀ ਗਣਿਤ ਵਿਗਿਆਨੀਆਂ ਨੇ ਗਣਿਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਜਿਨ੍ਹਾਂ ਵਿੱਚ ਆਰੀਆਭੱਟ, ਬ੍ਰਹਮਗੁਪਤਾ, ਭਾਸਕਰ ਦੂਜੇ, ਸ੍ਰੀਨਿਵਾਸ ਰਾਮਾਨੁਜਨ ਆਦਿ ਸ਼ਾਮਲ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਬਹੁਤ ਛੋਟੀ ਉਮਰ ਵਿੱਚ, ਸ਼੍ਰੀਨਿਵਾਸ ਰਾਮਾਨੁਜਨ ਨੇ ਭਿੰਨਾਂ, ਅਨੰਤ ਲੜੀ, ਨੰਬਰ ਥਿਊਰੀ, ਗਣਿਤਿਕ ਵਿਸ਼ਲੇਸ਼ਣ ਆਦਿ ਦੇ ਸਬੰਧ ਵਿੱਚ ਸ਼ਾਨਦਾਰ ਯੋਗਦਾਨ ਪਾਇਆ।ਆਪਣੇ ਮਾਹਿਰ ਭਾਸ਼ਣ ਵਿੱਚ ਡਾ. ਆਸ਼ੀਸ਼ ਅਰੋੜਾ, ਪ੍ਰੋਫੈਸਰ, ਗਣਿਤ ਵਿਗਿਆਨ ਵਿਭਾਗ, ਆਈ.ਕੇ.ਜੀ.ਪੀ.ਟੀ.ਯੂ., ਜਲੰਧਰ, ਨੇ ਵੈਦਿਕ ਗਣਿਤ ਦੇ ਮਹੱਤਵ ਨੂੰ ਇੱਕ ਹੁਨਰ ਦੇ ਰੂਪ ਵਿੱਚ ਪੇਸ਼ ਕੀਤਾ, ਜੋ ਗਣਿਤ ਦੀਆਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਅਤੇ ਵਧੇਰੇ ਸ਼ੁੱਧਤਾ ਨਾਲ ਹੱਲ ਕਰਨ ਵਿੱਚ ਮਦਦ ਕਰੇਗਾ। ਉਹਨਾਂ ਵਿਸਥਾਰ ਵਿਚ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੈਦਿਕ ਗਣਿਤ ਅੰਕਾਂ ਲਈ ਕਿਵੇਂ ਦਿਲਚਸਪੀ ਪੈਦਾ ਕਰਦਾ ਹੈ ਅਤੇ ਜ਼ਿਆਦਾਤਰ ਵਿਦਿਆਰਥੀਆਂ ਵਿੱਚ ਮੌਜੂਦ ਗਣਿਤ ਦੇ ਡਰ ਅਤੇ ਫੋਬੀਏ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥਣਾਂ ਅੰਸ਼ਿਕਾ ਨੇ ਪਹਿਲਾ, ਮਹਿਕ ਨੇ ਦੂਜਾ ਅਤੇ ਸੰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਜਦਕਿ ਰਿਧੀਮ ਨੇ ਦੂਜਾ ਅਤੇ ਗਰਵਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵਿਭਾਗ ਦੇ ਫੈਕਲਟੀ ਨੇ ਇਨਾਮ ਤਕਸੀਮ ਕੀਤੇ।ਪ੍ਰੋਗਰਾਮ ਦੀ ਸਮਾਪਤੀ ਵਿਭਾਗ ਦੇ ਮੁਖੀ ਪ੍ਰੋ: ਮਮਤਾ ਕਾਂਸਲ ਦੇ ਧੰਨਵਾਦੀ ਮਤੇ ਨਾਲ ਹੋਈ | ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਯੂਨੀਵਰਸਿਟੀ, ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵਿਭਾਗ ਨੂੰ ਇਹ ਦਿਵਸ ਮਨਾਉਣ ਲਈ ਵਧਾਈ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਗਣਿਤ ਦਿਵਸ ਮਨਾਇਆ
8 Views