ਕਿਹਾ ਕਿ ਪਹਿਲਾਂ ਨਿਗਮ ’ਚ ਖੁਦ ਮਤਾ ਪਾਸ ਕੀਤਾ, ਮੁੜ ਦੁਕਾਨਦਾਰਾਂ ਦੇ ਧਰਨੇ ’ਚ ਬੈਠੇ
ਸੁਖਜਿੰਦਰ ਮਾਨ
ਬਠਿੰਡਾ, 13 ਅਪ੍ਰੈਲ : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਪਾਸ਼ ਵਪਾਰਕ ਰੋਡ ਮੰਨੀ ਜਾਂਦੀ ਮਾਲ ਰੋਡ ਉਪਰ ਬਣੀਆਂ ਦੁਕਾਨਾਂ ਤੇ ਸ਼ੋਅਰੂਮਾਂ ਦੇ ਸਾਹਮਣੇ ਨਜਾਇਜ਼ ਥੜੀਆਂ ਨੂੰ ਢਾਹੁਣ ਦੇ ਮਾਮਲੇ ਵਿਚ ਚੱਲ ਰਹੇ ਵਿਵਾਦ ’ਚ ਵਿਰੋਧੀ ਧਿਰਾਂ ਨੂੰ ਘੇਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ‘‘ ਪਹਿਲਾਂ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਇਸ ਪ੍ਰਸਤਾਵ ਨੂੰ ਪਾਸ ਕਰਨ ਵਾਲੇ ਹੁਣ ਧਰਨਿਆਂ ’ਚ ਜਾ ਕੇ ਸਿਆਸਤ ਕਰਨ ਲੱਗੇ ਹੋਏ ਹਨ। ’’ ਵੀਰਵਾਰ ਨੂੰ ਇਸ ਮਾਮਲੇ ਵਿਚ ਅਪਣੇ ਦਫ਼ਤਰ ’ਚ ਸੱਦੀ ਇੱਕ ਪ੍ਰੈਸ ਕਾਨਫਰੰਸ ਵਿਚ ਵਿਧਇਕ ਸ: ਗਿੱਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮਾਮਲੇ ਵਿਚ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ, ਕਿਉਂਕਿ ਭਾਜਪਾ ਤੇ ਕਾਂਗਰਸ ਤੇ ਅਕਾਲੀ ਕੋਂਸਲਰਾਂ ਦੀ ਹਾਜ਼ਰੀ ਵਿਚ 20 ਮਾਰਚ ਨੂੰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਮਤਾ ਨੰਬਰ 151 ਪਾਸ ਕਰਕੇ ਇਸ ਯੋਜਨਾ ਨੂੰ ਮੰਨਜੂਰੀ ਦਿੱਤੀ ਗਈ ਸੀ ਅਤੇ ਬਾਅਦ ਵਿਚ ਨਿਗਮ ਅਧਿਕਾਰੀਆਂ ਵਲੋਂ ਵੀ ਇਸ ਮਾਮਲੇ ਵਿਚ ਦੁਕਾਨਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਸ: ਗਿੱਲ ਨੇ ਅੱਗੇ ਕਿਹਾ ਕਿ ਉਸਦੇ ਕੋਲ ਦੁਕਾਨਦਾਰ ਜਰੂਰ ਪੁੱਜੇ ਸਨ, ਜਿੰਨ੍ਹਾਂ ਪੱਖਪਾਤ ਹੋਣ ਦਾ ਖ਼ਦਸ ਪ੍ਰਗਟਾਇਆ ਸੀ, ਜਿਸਨੂੰ ਦੂਰ ਕਰਨ ਲਈ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਦੁਕਾਨਾਂ ਅੱਗੇ ਲਾਈਨ ਮਾਰਨ ਲਈ ਕਿਹਾ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਰਹੇ। ਸ਼ਹਿਰੀ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਸੋਸਲ ਮੀਡੀਆ ’ਤੇ ਦੇਖਿਆ ਹੈ ਕਿ ਅਕਾਲੀਆਂ ਸਹਿਤ ਕਾਂਗਰਸ ਦੇ ਕੋਂਸਲਰ ਸੀਨੀਅਰ ਡਿਪਟੀ ਮੇਅਰ ਦੀ ਪ੍ਰਧਾਨਗੀ ਅਤੇ ਮੇਅਰ ’ਤੇ ਹੱਕ ਜਤਾਉਣ ਵਾਲੇ ਭਾਜਪਾ ਆਗੂ ਇਸ ਧਰਨੇ ਵਿਚ ਪੁੱਜੇ ਹੋਏ ਸਨ, ਜਿੰਨ੍ਹਾਂ ਨੇ ਇਸ ਮਤੇ ਨੂੰ ਵਾਪਸ ਲੈਣ ਦਾ ਵੀ ਦਮ ਭਰਿਆ ਸੀ ਪ੍ਰੰਤੂ ਹਾਲੇ ਤੱਕ ਇਸ ਪ੍ਰਸ਼ਤਾਵ ਨੂੰ ਵਾਪਸ ਲੈਣ ਲਈ ਕੋਈ ਮੀਟਿੰਗ ਨਹੀਂ ਬੁਲਾਈ ਹੈ, ਜਿਸਤੋਂ ਉਨ੍ਹਾਂ ਦੀ ਨੀਅਤ ਸਪੱਸਟ ਤੌਰ ’ਤੇ ਸਿਆਸਤ ਕਰਨ ਦੀ ਝਲਕਦੀ ਹੈ। ਸ: ਗਿੱਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਵਿਰੋਧੀ ਧਿਰਾਂ ਅਜਿਹਾ ਕਰਕੇ ਰੋੜੇ ਅਟਕਾ ਰਹੀਆਂ ਹਨ। ਇਸਦੇ ਇਲਾਵਾ ਉਨ੍ਹਾਂ ਪਬਲਿਕ ਲਾਇਬਰੇਰੀ ਨੂੰ ਨਿਗਮ ਵਲੋਂ ਨੋਟਿਸ ਕੱਢਣ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੀ ਅਮਾਨਤ ਹੈ, ਜਿਸਦੇ ਚੱਲਦੇ ਇਹ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਉਨ੍ਹਾਂ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਨਿਗਮ ’ਤੇ ਕਾਬਜ਼ ਧਿਰਾਂ ਉਪਰ ਸ਼ੁਹਿਰਦ ਨਾ ਹੋਣ ਦਾ ਦੋਸ਼ ਲਗਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।
Share the post "ਮਾਲ ਰੋਡ ਨੂੰ ‘ਨੋ-ਪਾਰਕਿੰਗ ਜੋਨ’ ਬਣਾਉਣ ਲਈ ਵਿਰੋਧੀ ਪਾਰਟੀਆਂ ਸਿਆਸਤ ਨਾ ਕਰਨ: ਵਿਧਾਇਕ ਜਗਰੂਪ ਗਿੱਲ"