ਬਠਿੰਡਾ ’ਚ ਰੋਸ਼ ਮੁਜ਼ਾਹਰਾ ਕਰਨ ਤੋਂ ਇਲਾਵਾ ਖੂਨ ਨਾਲ ਲਿਖਿਆ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕਿਸੇ ਸਮੇਂ ਮਾਲਵਾ ਪੱਟੀ ਦੀਆਂ ਨਾਮਵਾਰ ਸਿੱਖਿਆ ਸੰਸਥਾਵਾਂ ਵਿਚ ਸ਼ੁਮਾਰ ਚੱਲੀ ਆ ਰਹੀ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫ਼ਰਮੇਸ਼ਨ ਟੈਕਨਾਲੌਜੀ (ਮਿਮਿਟ) ਦੇ ਮੁਲਾਜਮਾਂ ਨੇ ਰੋਟੀ ਦੇ ਵੀ ਲਾਲੇ ਪੈਣ ਵਾਲੀ ਨੌਬਤ ਆਉਣ ’ਤੇ ਅੱਜ ਵਿਤ ਮੰਤਰੀ ਵਿਰੁਧ ਮੋਰਚਾ ਖੋਲ ਦਿੱਤਾ। ਵੱਡੀ ਗਿਣਤੀ ਵਿਚ ਇਕੱਠੇ ਹੋਏ ਮਿਮਿਟ ਦੇ ਸਟਾਫ਼ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਇਲਾਵਾ ਸ਼ਹਿਰ ਵਿਚ ਰੋਸ਼ ਪ੍ਰਦਰਸ਼ਨ ਕੱਢਿਆ। ਇਸ ਦੌਰਾਨ ਸਟਾਫ਼ ਦੇ ਬੱਚਿਆਂ ਨੇ ਅਪਣੇ ਖ਼ੂਨ ਨਾਲ ਪੱਤਰ ਲਿਖਕੇ ਮੁੱਖ ਮੰਤਰੀ ਤੇ ਵਿਤ ਮੰਤਰੀ ਨੂੰ ਤਨਖ਼ਾਹਾਂ ਜਾਰੀ ਕਰਨ ਦੀ ਅਪੀਲ ਵੀ ਕੀਤੀ। ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕੀਤੇ ਰੋਸ਼ ਪ੍ਰਦਰਸ਼ਨ ਦੌਰਾਨ ਮੁਲਾਜਮਾਂ ਨੇ ਦਸਿਆ ਕਿ ਵਿਤ ਮੰਤਰੀ ਦੇ ਕਾਰਨ ਉਨ੍ਹਾਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਹ ਅਪਣੇ ਬੱਚਿਆਂ ਦੀਆਂ ਫ਼ੀਸਾਂ ਭਰਨ ਤੋਂ ਇਲਾਵਾ ਬਿੱਲ ਭਰਨ ਤੋਂ ਵੀ ਅਸਮਰੱਥ ਹੁੰਦੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦਸੰਬਰ 2020 ਵਿਚ ਹੋਏ ਫੈਸਲੇ ਮੁਤਾਬਕ ਇਸ ਸੰਸਥਾ ਨੂੰ ਹਰ ਸਾਲ ਪੰਜਾਬ ਸਰਕਾਰ ਵਲੋਂ ਪੰਜ ਕਰੋੜ ਰੁਪਏ ਮਿਲਣੇ ਸਨ ਪ੍ਰੰਤੂ ਦਰਜ਼ਨਾਂ ਵਾਰ ਮੁੱਖ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਕਾਂਗਰਸੀ ਆਗੂਆਂ ਦੀ ਮਿੰਨਤਾਂ ਕਰਨ ਦੇ ਬਾਵਜੂਦ ਵਿਤ ਮੰਤਰੀ ਨੇ ਇਹ ਗ੍ਰਾਂਟ ਜਾਰੀ ਨਹੀਂ ਕੀਤੀ, ਜਿਸ ਕਾਰਨ ਹੁਣ ਸਟਾਫ਼ ਦੀਆਂ ਤਨਖ਼ਾਹਾਂ ਵੀ ਰੁਕ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਨਖ਼ਾਹ ਲੈਣ ਲਈ ਪਿਛਲੇ 104 ਦਿਨਾਂ ਤੋਂ ਧਰਨੇ ’ਤੇ ਹਨ ਪਰ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਹੱਲ ਨਹੀਂ ਕਰ ਰਹੀ। ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਵਿਤ ਮੰਤਰੀ ਨੂੰ ਜਗਾਉਣ ਲਈ ਇਹ ਮੁਜ਼ਾਹਰਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਸੰਸਥਾ ਵਿਚ ਵੱਖ ਵੱਖ ਅਹੁੱਦਿਆਂ ’ਤੇ 200 ਦੇ ਕਰੀਬ ਮੁਲਾਜਮ ਕੰਮ ਕਰ ਰਹੇ ਹਨ।
ਮਿਮਿਟ ਦੇ ਮੁਲਾਜਮਾਂ ਨੇ ਹੁਣ ਵਿਤ ਮੰਤਰੀ ਵਿਰੁਧ ਖੋਲਿਆ ਮੋਰਚਾ
12 Views