ਅਗਲੇ ਕੁਝ ਮਹੀਨਿਆਂ ’ਚ ਹੀ ਮਕਾਨ ਲੋੜਵੰਦ ਪ੍ਰਵਾਰਾਂ ਨੂੰ ਸੌਪੇਂ ਜਾਣਗੇ-ਐਮ.ਡੀ ਰਾਜਿੰਦਰ ਮਿੱਤਲ
ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਪੰਜਾਬ ਦੇ ਪ੍ਰਸਿੱਧ ਉਦਯੋਗਿਕ ਗਰੁੱਪ ਤੇ ਸਮਾਜ ਸੇਵਾ ਵਿਚ ਹਮੇਸ਼ਾ ਯੋਗਦਾਨ ਪਾਉਣ ਵਾਲੇ ਮਿੱਤਲ ਗਰੁੱਪ ਨੇ ਹੁਣ ਵੱਡੀ ਪਹਿਲਕਦਮੀ ਕਰਦਿਆਂ ਸਥਾਨਕ ਸ਼ਹਿਰ ਦੀ ਉੜੀਆ ਕਾਲੋਨੀ ’ਚ ਰਹਿੰਦੇ 51 ਪਰਿਵਾਰਾਂ ਲਈ ਪੱਕੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਹੈ। ਅੱਜ ਇੰਨ੍ਹਾਂ ਮਕਾਨਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਦਿਆਂ ਗਰੁੱਪ ਦੇ ਐਮ.ਡੀ ਰਜਿੰਦਰ ਮਿੱਤਲ ਨੇ ਦਸਿਆ ਕਿ ‘‘ ਉਨ੍ਹਾਂ ਦੀ ਮਾਤਾ ਸ੍ਰੀਮਤੀ ਵੇਦ ਕੁਮਾਰੀ ਮਿੱਤਲ ਦਾ ਸੁਪਨਾ ਹੈ ਕਿ ਜਦੋਂ ਉਨ੍ਹਾਂ ਦੇ ਪੋਤੇ ਕੁਸ਼ਲ ਮਿੱਤਲ ਦਾ ਵਿਆਹ ਹੋਵੇ ਤਾਂ ਉਹ ਲੋੜਵੰਦ ਪਰਿਵਾਰਾਂ ਲਈ ਪੱਕੀ ਛੱਤ ਦਾ ਪ੍ਰਬੰਧ ਕਰਨ।’’ ਜਿਸਦੇ ਚੱਲਦੇ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਅਧੀਨ ਇੰਨ੍ਹਾਂ ਮਕਾਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਮਕਾਨ ’ਤੇ ਤਿੰਨ ਲੱਖ ਰੁਪਏ ਦਾ ਖਰਚਾ ਆਏਗਾ ਅਤੇ ਹਰ ਮਕਾਨ ’ਚ ਦੋ ਕਮਰਿਆਂ ਤੋਂ ਇਲਾਵਾ ਰਸੋਈ ਅਤੇ ਬਾਥਰੂਮ ਵੀ ਬਣਾਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ ਦਾ ਕੰਮ ਅਗਲੇ ਕੁਝ ਮਹੀਨੇ ‘ਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ ਤਾਂ ਜੋ ਜਲਦੀ ਨਾਲ ਲੋਕ ਆਪਣੇ ਨਵੇਂ ਪੱਕੇ ਮਕਾਨਾਂ ’ਚ ਆ ਕੇ ਰਹਿ ਸਕਣ। ਸ਼੍ਰੀ ਮਿੱਤਲ ਨੇ ਦਸਿਆ ਕਿ ਆਉਣ ਵਾਲੇ ਸਮੇਂ ’ਚ ਏਮਜ ਹਸਪਤਾਲ ’ਚ ਮਰੀਜਾਂ ਦੇ ਨਾਲ ਆਉਂਦੇ ਵਾਰਸਾਂ ਲਈ ਇਕ ਸੈਲਟਰ ਹੋਮ ਬਣਾਉਣ ਦੀ ਯੋਜਨਾ ਵੀ ਹੈ।
ਇਸ ਮੌਕੇ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਿੱਤਲ ਗਰੁੱਪ ਦੀ ਯੋਜਨਾ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਅਜਿਹੇ ਦੇਸ ਭਗਤਾਂ ਦੀ ਜਰੂਰਤ ਹੈ। ਉਨ੍ਹਾਂ ਇਸ ਸਮੇਂ ਇਕੱਤਰ ਲੋਕਾਂ ਨੂੰ ਮਿੱਤਲ ਪਰਿਵਾਰ ਵੱਲੋਂ ਸਮੇਂ ਸਮੇਂ ’ਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਸਬੰਧੀ ਵੀ ਜਾਣੂੰ ਕਰਵਾਇਆ। ਇਸ ਮੌਕੇ ਮਿੱਤਲ ਗਰੁੱਪ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ , ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ , ਨਗਰ ਨਿਗਮ ਦੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਹਰਮੰਦਰ ਸਿੰਘ, ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਪਲੈਨਿੰਗ ਬੋਰਡ ਦੇ ਚੇਅਰਮੈਨ ਰਾਜਨ ਗਰਗ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਰੁਣ ਵਧਾਵਨ ਸਮੇਤ ਸ਼ਹਿਰ ਦੇ ਕੌਂਸਲਰ ਅਤੇ ਹੋਰ ਆਗੂ ਵੀ ਮੌਜੂਦ ਸਨ।
Share the post "ਮਿੱਤਲ ਗਰੁੱਪ ਦੀ ਵੱਡੀ ਪਹਿਲਕਦਮੀ: ਗਰੀਬ ਪ੍ਰਵਾਰਾਂ ਲਈ 51 ਮਕਾਨ ਬਣਾਉਣ ਦਾ ਐਲਾਨ"