ਭਗਵੰਤ ਮਾਨ ਨੇ ਝੰਡੀ ਦਿਖਾ ਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਟਰੇਨਿੰਗ ਲਈ ਸਿੰਗਾਪੁਰ ਕੀਤਾ ਰਵਾਨਾ
ਸੂਬਾ ਸਰਕਾਰ ਵੱਲੋਂ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੇ ਪੇਸ਼ੇਵਰ ਗਿਆਨ ਅਤੇ ਮੁਹਾਰਤ ਨੂੰ ਅਪਗ੍ਰੇਡ ਕਰਨ ਲਈ ਸਿੰਗਾਪੁਰ ਜਾਣ ਵਾਸਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇੱਥੇ ਮਗਸੀਪਾ ਵਿਖੇ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿੱਚ ਪਿਛਲੇ 10 ਮਹੀਨਿਆਂ ਤੋਂ ਚੱਲ ਰਹੀ ਸਿੱਖਿਆ ਕ੍ਰਾਂਤੀ ਦੇ ਮੋਹਰੀ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੀ ਕਿਸਮ ਦੀ ਇਹ ਪਹਿਲੀ ਪਹਿਲਕਦਮੀ ਅਧਿਆਪਕਾਂ ਦੀ ਵਿਦੇਸ਼ੀ ਸਿਖਲਾਈ ਲਈ ਸੂਬਾਈ ਯੋਜਨਾ ਦਾ ਹਿੱਸਾ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ ਤਾਂ ਜੋ ਉਹ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਇੱਕੋ-ਇੱਕ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਨਵੈਂਟ ਦੇ ਆਪਣੇ ਪੜ੍ਹੇ-ਲਿਖੇ ਹਾਣੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਜੀਵਨ ਵਿੱਚ ਕਾਮਯਾਬ ਬਣਾਉਣਾ ਹੈ।ਮੁੱਖ ਮੰਤਰੀ ਨੇ ਦੁਹਰਾਇਆ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹਨ, ਜੋ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਦੇ ਹਨ। ਇਸ ਲਈ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਮਿਆਰੀ ਸਿਖਲਾਈ ਯਕੀਨੀ ਬਣਾ ਕੇ ਉਨ੍ਹਾਂ ਦੇ ਅਧਿਆਪਨ ਦੇ ਹੁਨਰ ਨੂੰ ਨਿਖਾਰਨ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਸ ਗਰੰਟੀ ਦੇ ਹਿੱਸੇ ਵਜੋਂ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਸਿਖਲਾਈ ਲਈ ਅੱਜ 4 ਫਰਵਰੀ ਨੂੰ ਸਿੰਗਾਪੁਰ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰਿੰਸੀਪਲ 6 ਤੋਂ 10 ਫਰਵਰੀ ਤੱਕ ਹੋਣ ਵਾਲੇ ਪ੍ਰੋਫੈਸ਼ਨਲ ਟੀਚਰ ਟਰੇਨਿੰਗ ਸੈਮੀਨਾਰ ਵਿੱਚ ਭਾਗ ਲੈਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸਿਖਲਾਈ ਪੂਰੀ ਕਰਨ ਤੋਂ ਬਾਅਦ ਇਹ ਪਹਿਲਾ ਬੈਚ 11 ਫਰਵਰੀ ਨੂੰ ਪਰਤੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸਿਖਲਾਈ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਅਭਿਆਸਾਂ ਅਤੇ ਲੀਡਰਸ਼ਿਪ ਹੁਨਰਾਂ ਨਾਲ ਲੈਸ ਕਰਕੇ ਉਨ੍ਹਾਂ ਦੀ ਸੋਚ ਨੂੰ ਹੋਰ ਵਿਸ਼ਾਲ ਕਰੇਗੀ। ਮਹਾਂਮਾਰੀ ਤੋਂ ਬਾਅਦ ਦੇ ਸੰਸਾਰ ਵਿੱਚ ਸਿੱਖਿਆ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਅਧਿਆਪਨ-ਸਿਖਲਾਈ ਸਮੱਗਰੀ ਅਤੇ ਆਡੀਓ-ਵਿਜ਼ੂਅਲ ਤਕਨਾਲੋਜੀ ਦੀ ਸਿਰਜਣਾ, ਰਣਨੀਤਕ ਪ੍ਰਬੰਧਨ, ਸਕੂਲ ਸੱਭਿਆਚਾਰ ਨੂੰ ਨਵਾਂ ਆਕਾਰ ਦੇਣਾ, ਅਧਿਆਪਕਾਂ ਦਾ ਪੇਸ਼ੇਵਰ ਹੁਨਰ ਨਿਖਾਰਨਾ ਅਤੇ ਪਾਠਕ੍ਰਮ ਦੀ ਅਗਵਾਈ ਇਸ ਸਿਖਲਾਈ ਵਿੱਚ ਸ਼ਾਮਲ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਮਿਸਾਲੀ ਪਹਿਲਕਦਮੀ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਇਨ੍ਹਾਂ ਯਤਨਾਂ ਨਾਲ ਪੰਜਾਬ ਜਲਦੀ ਹੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣੇਗਾ।
Share the post "ਮੁੱਖ ਮੰਤਰੀ ਵੱਲੋਂ ਸਿੰਗਾਪੁਰ ਜਾ ਰਹੇ ਪ੍ਰਿੰਸੀਪਲਾਂ ਨੂੰ ਅਪੀਲ, ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਮੋਹਰੀ ਬਣੋ"