ਮੁਹਿੰਮ ਤਹਿਤ ਜ਼ਿਲ੍ਹੇ ਦੇ 4 ਸਕੂਲਾਂ ਦੀ ਹੋਈ ਚੋਣ
ਹਰ ਬੁੱਧਵਾਰ ਕਰਵਾਈਆਂ ਜਾਣਗੀਆਂ ਵਿਸ਼ੇਸ਼ ਗਤੀਵਿਧੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਜਾ ਰਹੀ ਵਿਸ਼ੇਸ਼ ਮੁਹਿੰਮ “ਮੇਰਾ ਸ਼ਹਿਰ ਮੇਰੀ ਸਾਂਝ“ 1 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 4 ਸਕੂਲਾਂ ਦੀ ਚੋਣ ਹੋਈ ਹੈ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਸਥਾਨਕ ਸਰਕਾਰਾਂ ਸ਼੍ਰੀ ਰੋਹਿਤਾਂਸ ਗਰਗ ਨੇ ਇੱਥੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਿਖੇ ਸਬੰਧਤ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸਥਾਨਕ ਸਰਕਾਰਾਂ ਸ਼੍ਰੀ ਰੋਹਿਤਾਂਸ ਗਰਗ ਨੇ ਹੋਰ ਦੱਸਿਆ ਕਿ “ਸਵੱਛ ਭਾਰਤ ਮਿਸ਼ਨ“ ਤਹਿਤ ਸ਼ੁਰੂ ਕੀਤੀ ਗਈ “ਮੇਰਾ ਸ਼ਹਿਰ ਮੇਰੀ ਸਾਂਝ“ ਮੁਹਿੰਮ ਅਧੀਨ ਜ਼ਿਲ੍ਹੇ ਦੇ ਉਨ੍ਹਾਂ 4 ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਸਕੂਲਾਂ ਚ 1 ਹਜ਼ਾਰ ਦੀ ਗਿਣਤੀ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਚੋਣ ਕੀਤੇ ਗਏ ਸਕੂਲਾਂ ਵਿੱਚ ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ, ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਮਾਲ ਰੋਡ ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਬਠਿੰਡਾ ਸ਼ਾਮਲ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਚੁਣੇ ਗਏ ਸਕੂਲਾਂ ਵਿੱਚ ਪੜ੍ਹ ਰਹੇ 6 ਤੋਂ 8 ਜਮਾਤ ਤੱਕ ਦੇ 8-10 ਵਿਦਿਆਰਥੀਆਂ ਦੇ “ਈਕੋ ਕਲੱਬ“ ਬਣਾਏ ਜਾਣਗੇ ਤੇ ਕਲੱਬ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ “ਸਵੱਛਤਾ ਮਾਰਸ਼ਲ“ ਦਾ ਨਾਮ ਦਿੱਤਾ ਜਾਵੇਗਾ। ਜਿਨ੍ਹਾਂ ਵਲੋਂ ਹਰ ਬੁੱਧਵਾਰ ਨੂੰ ਵਿਸ਼ੇਸ਼ ਮੁਹਿੰਮ ਤਹਿਤ ਪਾਣੀ ਦੀ ਬੱਚਤ, ਸਾਫ਼-ਸਫ਼ਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਂਟੇਸ਼ਨ ਆਦਿ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਬੱਚਿਆਂ ਵਲੋਂ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ। ਇਨ੍ਹਾਂ ਈਕੋ ਕਲੱਬ ਲਈ 1-1 ਅਧਿਆਪਕ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ ਜਿਨ੍ਹਾਂ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਜਲਦ ਆਪੋਂ-ਆਪਣੇ ਸਕੂਲਾਂ ਦੇ ਈਕੋ ਕਲੱਬ ਬਣਾ ਕੇ ਇੰਚਾਰਜਾਂ, ਵਿਦਿਆਰਥੀਆਂ ਦੇ ਨਾਮ ਤੇ ਜਮਾਤ ਆਦਿ ਰਿਪੋਰਟ ਤਿਆਰ ਕਰਕੇ 30 ਅਗਸਤ ਤੱਕ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਿਖੇ ਭੇਜਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਈਕੋ ਕਲੱਬਾਂ ਵਲੋਂ ਹਰ ਮਹੀਨੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਜਿਸ ਵਿੱਚ ਭਾਸ਼ਣ ਮੁਕਾਬਲੇ ਅਤੇ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਕਰਦੇ ਨੁਕੜ ਨਾਟਕ ਆਦਿ ਪੇਸ਼ ਕੀਤੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਨੁਮਾਇੰਦੇ ਮੈਡਮ ਅਨੀਤਾ ਰਾਣੀ, ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਨੁਮਾਇੰਦੇ ਸ਼੍ਰੀ ਯੁਗੇਸ਼ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਦੇ ਨੁਮਾਇੰਦੇ ਮੈਡਮ ਸਿਮਰਿਤੀ, ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਮਾਲ ਰੋਡ ਬਠਿੰਡਾ ਦੇ ਨੁਮਾਇੰਦੇ ਸ਼੍ਰੀ ਜਸਵਿੰਦਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਬਠਿੰਡਾ ਦੇ ਨੁਮਾਇੰਦੇ ਮੈਡਮ ਮੀਨੂੰ ਗਰਗ ਆਦਿ ਸ਼ਾਮਲ ਹਨ।
Share the post "“ਮੇਰਾ ਸ਼ਹਿਰ ਮੇਰੀ ਸਾਂਝ“ ਮੁਹਿੰਮ 1 ਸਤੰਬਰ ਤੋਂ ਹੋਵੇਗੀ ਸ਼ੁਰੂ: ਰੋਹਿਤਾਂਸ ਗਰਗ"