ਯੂਕਰੇਨ ਵਿੱਚ ਭਾਰਤੀਆਂ ਨੂੰ ਲਿਆਉਣ ਲਈ ਪ੍ਰਕਿਰਿਆ ਤੇਜ ਕੀਤੀ ਜਾਵੇ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ: ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਹੋ ਰਹੇ ਮਨੁੱਖੀ ਘਾਣ ਨੂੰ ਰੋਕਣ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਪ੍ਰਕਿਰਿਆ ਤੇਜ਼ ਕਰਨੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਇਹ ਅਪੀਲ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰੰਘ ਨੇ ਕਿਹਾ ਕਿ ਮਨੁੱਖਤਾ ਦਾ ਘਾਣ ਰੋਕਣ ਲਈ ਕੇਂਦਰ ਸਰਕਾਰ ਨੂੰ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਯੁੱਧ ਨਾਲ ਜਿੱਥੇ ਮਨੁੱਖਤਾ ਦਾ ਘਾਣ ਹੁੰਦਾ ਹੈ, ਉੱਥੇ ਵਿਕਾਸ ਦੀ ਵੀ ਤਬਾਹੀ ਹੁੰਦੀ ਹੈ, ਜਿਸਦਾ ਸਮੁੱਚੀ ਦੁਨੀਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਰੂਸ ਯੁਕਰੇਨ ਦੇ ਯੁੱਧ ਨਾਲ ਜਿੱਥੇ ਪੈਟਰੌਲ ਡੀਜ਼ਲ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਧਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ, ਉੱਥੇ ਦੁਨੀਆਂ ਦੇ ਦੇਸਾਂ ਦੇ ਵਪਾਰ ਤੇ ਸੇਅਰ ਬਜ਼ਾਰ ਆਦਿ ਤੇ ਵੀ ਮਾੜਾ ਅਸਰ ਹੋਣ ਦੀ ਚਿੰਤਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਤਬਾਹੀ ਦਾ ਸੁਆਲ ਹੈ, ਰੂਸ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਹੈ। ਜੇਕਰ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਤਾਂ ਸੰਸਾਰ ਯੁੱਧ ਦਾ ਖਤਰਾ ਵੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ ਪਹਿਲਾਂ ਹੀ ਆਰਥਿਕ ਮੰਦਹਾਲੀ ਹੰਢਾ ਰਹੇ ਹਨ, ਜੰਗ ਅਜਿਹੇ ਹਾਲਾਤਾਂ ਵਿੱਚ ਹੋਰ ਵਾਧਾ ਕਰੇਗੀ।ਸੂਬਾ ਸਕੱਤਰ ਨੇ ਕਿਹਾ ਕਿ ਬੀਤੀ ਸ਼ਾਮ ਰੂਸ ਤੇ ਯੂਕਰੇਨ ਦੀ ਬੇਲਾਰੂਸ ਯੂਕਰੇਨ ਸਰਹੱਦ ਤੇ ਗੱਲਬਾਤ ਹੋਈ ਹੈ, ਜਿਸ ਨਾਲ ਸਾਂਤੀ ਦਾ ਰਾਹ ਖੁਲ੍ਹਣ ਦੀ ਉਮੀਦ ਜਾਗੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਹ ਗੱਲਬਾਤ ਹੋ ਰਹੀ ਸੀ ਉਸ ਸਮੇਂ ਯੂਕਰੇਨ ਵਿੱਚ ਬੰਬਾਰੀ ਵੀ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਜੇਕਰ ਰੂਸ ਸੁਹਿਰਦਤਾ ਨਾਲ ਜੰਗ ਰੋਕਣ ਲਈ ਗੱਲਬਾਤ ਦਾ ਰਾਹ ਅਖ਼ਤਿਆਰ ਕਰਨਾ ਚਾਹੁੰਦਾ ਹੈ, ਤਾਂ ਬੰਬਾਰੀ ਰੋਕ ਕੇ ਹੀ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਹਨਾਂ ਭਾਰਤ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਨੁੱਖਮਾਰੂ ਜੰਗ ਰੋਕਣ ਲਈ ਸਮਰੱਥਾ ਅਨੁਸਾਰ ਯਤਨ ਕਰੇ।ਕਾ: ਸੇਖੋਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਖਾਸ ਕਰਕੇ ਵਿਦਿਆਰਥੀਆਂ, ਜੋ ਬੰਕਰਾਂ ਵਿੱਚ ਲੁਕ ਕੇ ਦੁੱਖ ਦੇ ਦਿਨ ਕੱਟ ਰਹੇ ਹਨ, ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਰੂਸ ਤੇ ਵੀ ਇਹ ਦਬਾਅ ਬਣਾਇਆ ਜਾਵੇ ਕਿ ਉਹ ਭਾਰਤੀਆਂ ਨੂੰ ਬਾਹਰ ਕੱਢਣ ਲਈ ਸਮਾਂ ਦੇਵੇ।
Share the post "ਯੂਕਰੇਨ ’ਚ ਚੱਲ ਰਹੇ ਯੁੱਧ ਨੂੰ ਰੋਕਣ ਲਈ ਭਾਰਤ ਸਰਕਾਰ ਬਣਦੀ ਭੂਮਿਕਾ ਨਿਭਾਏ- ਕਾ: ਸੇਖੋਂ"