ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਯੂਥ ਆਗੂ ਰਣਜੀਤ ਸਿੰਘ ਸੰਧੂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਹਨ। ਪਿਛਲੇ ਦਿਨਾਂ ‘ਚ ਪੋਲ ਹੋਈਆਂ ਵੋਟਾਂ ਦੇ ਹੁਣ ਆਏ ਨਤੀਜਿਆਂ ਵਿਚ ਉਨ੍ਹਾਂ ਇਹ ਜਿੱਤ ਹਾਸਲ ਕੀਤੀ ਹੈ। ਉਹ ਪੰਜਾਬ ਪੱਧਰ ’ਤੇ ਛੇਵੇਂ ਸਥਾਨ ਉਪਰ ਰਹੇ ਹਨ। ਰਣਜੀਤ ਸਿੰਘ ਸੰਧੂ ਨੇ ਅਪਣੀ ਜਿੱਤ ’ਤੇ ਯੂਥ ਕਾਂਗਰਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਐਲਾਨੇ ਨਤੀਜਿਆਂ ਵਿਚ ਲਖਵਿੰਦਰ ਸਿੰਘ ਲੱਖੀ ਮੁੜ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਅਪਣੇ ਮੁਕਾਬਲੇ ਖੜੇ ਹੋਏ ਦੋਨਾਂ ਉਮੀਦਵਾਰਾਂ ਨੂੰ ਵੱਡੇ ਅੰਤਰ ਨਾਲ ਵੱਧ ਵੋਟਾਂ ਹਾਸਲ ਕੀਤੀਆਂ ਹਨ। ਲਖਵਿੰਦਰ ਸਿੰਘ ਲੱਖੀ ਨੂੰ 17,384 ਵੋਟਾਂ ਹਾਸਲ ਹੋਈਆਂ ਹਨ। ਜਦੋ ਕਿ ਉਨ੍ਹਾਂ ਦੇ ਮੁਕਾਬਲੇ ਖੜੇ ਅਵਤਾਰ ਸਿੰਘ ਨੂੰ 7181 ਅਤੇ ਤੀਜ਼ੇ ਉਮੀਦਵਾਰ ਇਕੱਤਰ ਸਿੰਘ ਬਰਾੜ ਨੂੰ ਸਿਰਫ਼ 274 ਵੋਟਾਂ ਹੀ ਮਿਲੀਆਂ ਹਨ। ਕਾਂਗਰਸ ਪਾਰਟੀ ਵਲੋਂ ਬਣਾਈ ਪ੍ਰੀਕ੍ਰਿਆ ਤਹਿਤ ਅਵਤਾਰ ਸਿੰਘ ਨੂੰ ਉਪ ਪ੍ਰਧਾਨ ਤੇ ਇਕੱਤਰ ਸਿੰਘ ਬਰਾੜ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਲਈ ਬਣੇ ਪ੍ਰਧਾਨਾਂ ਵਿਚ ਤਲਵੰਡੀ ਸਾਬੋ ਹਲਕੇ ਤੋਂ ਸੁਖਵਿੰਦਰ ਸਿੰਘ ਸੀਪਾ ਬੰਗੀ, ਹਲਕਾ ਮੋੜ ਤੋਂ ਗੁਰਕੀਰਤ ਸਿੰਘ ਗੁਰੀ, ਹਲਕਾ ਬਠਿੰਡਾ ਦਿਹਾਤੀ ਤੋਂ ਗੁਰਪੰਥ ਸਿੰਘ ਗੋਲਡੀ, ਹਲਕਾ ਰਾਮਪੁਰਾ ਤੋਂ ਐਡਵੋਕੇਟ ਸਿਮਰਪ੍ਰੀਤ ਸਿੰਘ ਸਿੱਧੂ ਅਤੇ ਭੁੱਚੋਂ ਮੰਡੀ ਮਨਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਹਨ। ਉਧਰ ਰਣਜੀਤ ਸਿੰਘ ਸੰਧੂ ਤੇ ਲਖਵਿੰਦਰ ਸਿੰਘ ਲੱਖੀ ਦੀ ਜਿੱਤ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਜਥੇਬੰਦਕ ਢਾਂਚਾ ਮਜਬੂਤ ਹੋਵੇਗਾ। ਉਧਰ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਦੇ ਰਹਿਣਗੇ।
Share the post "ਰਣਜੀਤ ਸੰਧੂ ਬਣੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਲਖਵਿੰਦਰ ਲੱਖੀ ਜ਼ਿਲ੍ਹਾ ਪ੍ਰਧਾਨ"