ਰਾਘਵ ਚੱਢਾ, ਸੰਦੀਪ ਪਾਠਕ, ਕਿ੍ਰਕਟਰ ਹਰਭਜਨ ਸਿੰਘ, ਅਸ਼ੋਕ ਮਿਤਲ ਅਤੇ ਸੰਜੀਵ ਨੇ ਭਰੇ ਕਾਗਜ਼
ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਾਰਚ: ਸੂਬੇ ’ਚ ਪਹਿਲੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਲਈ ਐਲਾਨੇ ਉਮੀਦਵਾਰਾਂ ’ਤੇ ਵਿਰੋਧੀਆਂ ਨੇ ਸਵਾਲ ਖ਼ੜੇ ਕੀਤੇ ਹਨ। ਦਸਣਾ ਬਣਦਾ ਹੈ ਕਿ ਪਾਰਟੀ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜਰੀ ਵਿੱਚ ਐਲਾਨੇ ਗਏ ਉਮੀਦਵਾਰਾਂ ਸਾਬਕਾ ਕਿ੍ਰਕਟਰ ਹਰਭਜਨ ਸਿੰਘ ਭੱਜੀ, ‘ਆਪ‘ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ, ਚੋਣ ਰਣਨੀਤੀਕਾਰ ਸੰਦੀਪ ਪਾਠਕ, ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੇ ਚਾਂਸਲਰ ਅਸ਼ੋਕ ਮਿਤਲ ਅਤੇ ਲੁਧਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਭਰੇ। ਪਾਰਟੀ ਦੇ 92 ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ, ਜਿਸਦੇ ਚੱਲਦੇ ਸੀਟਾਂ ਦੀ ਗਿਣਤੀ ਅਤੇ ਅੰਕੜਿਆਂ ਅਨੁਸਾਰ ‘ਆਪ‘ ਦੇ ਸਾਰੇ ਪੰਜੇ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਰਾਜ ਸਭਾ ਲਈ ਪਾਰਟੀ ਵਲੋਂ ਦਿੱਲੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ਼ ਰਾਘਵ ਚੱਢਾ, ਪਾਰਟੀ ਦੇ ਦਿੱਲੀ ਨਾਲ ਸਬੰਧਤ ਚੋਣ ਰਣਨੀਤੀਕਾਰ ਸੰਦੀਪ ਪਾਠਕ, ਵੱਡੇ ਉਦਯੋਗਪਤੀ ਸੰਜੀਵ ਅਰੋੜਾ, ਲਵਲੀ ਪ੍ਰੋਫੈਸ਼ਨਲ ਯੂਨੀਅਨ ਦੇ ਚਾਂਸਲਰ ਅਸੋਕ ਮਿੱਤਲ ਤੋਂ ਇਲਾਵਾ �ਿਕਟਰ ਹਰਭਜਨ ਸਿੰਘ ਭੱਜੀ ਨੂੰ ਅਪਣਾ ਉਮੀਦਵਾਰ ਬਣਾਇਆ ਗਿਆ ਹੈ। ਵਿਰੋਧੀਆਂ ਨੇ ਪਾਰਟੀ ਦੇ ਇਸ ਫੈਸਲੇ ਨੂੰ ਪੰਜਾਬ ਵਿਰੋਧੀ ਗਰਦਾਨਦਿਆਂ ਦੋਸ਼ ਲਗਾਇਆ ਹੈ ਕਿ ਇੰਨ੍ਹਾਂ ਪੰਜਾਂ ਉਮੀਦਵਾਰਾਂ ਵਿਚੋਂ ਪੰਜਾਬੀਆਂ ਦੇ ਹੱਕ ’ਚ ਰਾਜ ਸਭਾ ਵਿਚ ਅਵਾਜ ਚੁੱਕਣ ਵਾਲਾ ਇੱਕ ਵੀ ਵਿਅਕਤੀ ਨਹੀਂ ਹੈ।
ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਨੂੰ ਵੱਡੀਆਂ ਉਮੀਦਾਂ ਨਾਲ ਪੰਜਾਬੀਆਂ ਨੇ ਵੋਟਾਂ ਪਾਈਆਂ ਸਨ ਪ੍ਰੰਤੂ ਇੱਕ ਹਫ਼ਤੇ ’ਚ ਹੀ ਦਿੱਲੀ ਤੋਂ ਰੀਮੋਰਟ ਕੰਟਰੋਲ ਚੱਲਣ ਵਾਲੀ ਭਗਵੰਤ ਮਾਨ ਸਰਕਾਰ ਨੇ ਸਮੂਹ ਪੰਜਾਬੀਆਂ ਦੇ ਪੱਲੇ ਸਿਰਫ਼ ਨਿਰਾਸ਼ਤਾ ਪਾਈ ਹੈ। ਉਨ੍ਹਾਂ ਜਾਰੀ ਇੱਕ ਟਵੀਟ ਵਿਚ ਕਿਹਾ ਕਿ ਰਾਜ ਸਭਾ ਦੇ ਲਈ ਬਾਹਰੀ ਚੇਹਰਿਆਂ ਨੂੰ ਲਿਆ ਕੇ ਆਪ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੀ ਕਾਬਲੀਅਤ ’ਤੇ ਪ੍ਰਸ਼ਨ ਚਿੰਨ ਖ਼ੜਾ ਕੀਤਾ ਹੈ, ਕਿਉਂਕਿ ਪੰਜਾਬੀਆਂ ਦਾ ਦਰਦ ਕੋਈ ਪੰਜਾਬੀ ਹੀ ਸਮਝ ਸਕਦਾ ਹੈ, ਬਾਹਰੀ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਦਾ ਵਿਰੋਧ ਕਰਦੇ ਹਨ ਤੇ ਸਦਨ ਵਿਚ ਵੀ ਅਵਾਜ਼ ਚੁੱਕਣਗੇ।
ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪ ਦੇ ਇਸ ਫੈਸਲੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਪ੍ਰਵਾਰ ਵਿਚੋਂ ਉੱਠੇ ਭਗਵੰਤ ਮਾਨ ਤੋਂ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਸਨ ਪ੍ਰੰਤੂ ਰਾਜ ਸਭਾ ’ਚ ਪੰਜਾਬ ਤੋਂ ਬਾਹਰੀ ਉਮੀਦਵਾਰ ਲਿਆਉਣ ਦੇ ਮਾਮਲੇ ਵਿਚ ਗੋਡੇ ਟੇਕਣ ਕਾਰਨ ਉਨ੍ਹਾਂ ਉਪਰ ਸਵਾਲ ਉਠਣੇ ਯਕੀਨੀ ਹਨ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਲਈ ਦਿਨ ਰਾਤ ਇੱਕ ਕਰਨ ਵਾਲੇ ਆਪ ਵਰਕਰ ਤੇ ਆਗੂ ਯਾਦ ਨਹੀਂ ਆਏ, ਬਲਕਿ ਬਾਹਰੀ ਤੇ ਉਦਯੋਗਪਤੀਆਂ ਨੂੰ ਇਹ ਮੈਂਬਰੀ ਥਾਲੀ ਵਿਚ ਪਰੋਸ ਕੇ ਦਿੱਤੀ ਗਈ ਹੈ।
ਉਧਰ ਆਪ ਵਲੋਂ ਪਿਛਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਤੇ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸਨੂੰ ਪੰਜਾਬੀਆਂ ਲਈ ਨਿਰਾਸ਼ਾਜਨਕ ਫੈਸਲਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਦਖਲਅੰਦਾਜੀ ਪੰਜਾਬ ਨੂੰ ਹੋਰ ਕਮਜੋਰ ਕਰੇਗੀ। ਉਨ੍ਹਾਂ ਕਿਹਾ ਕਿ ਰਾਘਵ ਚੱਢਾ, ਸੰਦੀਪ ਪਾਠਕ, ਅਸੋਕ ਮਿੱਤਲ, ਸੰਜੀਵ ਅਰੋੜਾ ਅਤੇ ਹਰਭਜਨ ਸਿੰਘ ਨੂੰ ਨਾਮਜਦ ਕੀਤੇ ਜਾਣ ਤੋਂ ਲੱਗਦਾ ਹੈ ਕਿ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਦੋਂ ਐਨਡੀ ਗੁਪਤਾ ਅਤੇ ਸੁਸੀਲ ਗੁਪਤਾ ਨੂੰ ਦਿੱਲੀ ਤੋਂ ਰਾਜ ਸਭਾ ਲਈ ਨਾਮਜਦ ਕੀਤਾ ਗਿਆ ਸੀ ਤਾਂ ਆਸੂਤੋਸ, ਕੁਮਾਰ ਵਿਸਵਾਸ ਅਤੇ ਆਸੀਸ ਖੇਤਾਨ ਸਮੇਤ ‘ਆਪ‘ ਦੇ ਕਈ ਸੀਨੀਅਰ ਨੇਤਾਵਾਂ ਨੇ ਬਿਨਾਂ ਕੋਈ ਕਾਰਨ ਦੱਸੇ ਪਾਰਟੀ ਛੱਡ ਦਿੱਤੀ ਸੀ ਕਿਉਂਕਿ ਉਹ ਕੇਜਰੀਵਾਲ ਤੋਂ ਬੇਹੱਦ ਨਿਰਾਸ ਸਨ। ਅੱਜ ਪੰਜਾਬ ‘ਚ ਵੀ ਉਹੀ ਕੁੱਝ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਦਨ ਵਿਚ ਆਗੁੂ ਮਨਪ੍ਰੀਤ ਸਿੰਘ ਇਆਲੀ ਨੇ ਪੁੱਛਿਆ ਕਿ ਕੀ ਇਸ ਸੂਚੀ ਬਾਰੇ ਇਸਦੀ ਪੰਜਾਬ ਇਕਾਈ ਨਾਲ ਚਰਚਾ ਕੀਤੀ ਗਈ ਸੀ ? ਜੇਕਰ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਨੁੰ ਜਵਾਬ ਦੇਣ ਕਿ ਉਹਨਾਂ ਇਸ ਕਦਮ ਦਾ ਵਿਰੋਧ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਅਤੇ ਪੰਜਾਬੀਅਤ ਨੁੰ ਪਹਿਲੀ ਵੱਡੀ ਸੱਟ ਮਾਰੀ ਹੈ ਅਤੇ ਅਜਿਹਾ ਕਰਦਿਆਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਲੋਕਾਂ ਨੇ ਵਿਆਪਕ ਹਾਂ ਪੱਖੀ ਬਦਲਾਅ ਲਿਆਉਣ ਲਈ ਇਸਦੀ ਗੱਲ ’ਤੇ ਵਿਸ਼ਵਾਸ ਕੀਤਾ ਤੇ ਪਾਰਟੀ ਨੁੰ ਇਹ ਬਦਲਾਅ ਲਿਆਉਣ ਵਾਸਤੇ ਵੱਡਾ ਫਤਵਾ ਦਿੱਤਾ। ਪ੍ਰੰਤੂ ਪਾਰਟੀ ਨੇ ਪੰਜਾਬ ਪੱਖੀ ਤੇ ਪੰਜਾਬੀਅਤ ਪੱਖੀ ਬਦਲਾਅ ਲਿਆਉਣ ਤੋਂ ਕੋਹਾਂ ਦੂਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਟਿਕਟਾਂ ਵਾਪਰੀਆਂ ਨੁੰ ਦੇ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ। ਇਹੀ ਧੋਖਾ ਇਸਨੇ ਪਹਿਲਾਂ ਦਿੱਲੀ ਵਿਚ ਕੀਤਾ ਸੀ। ਉਹਨਾਂ ਕਿਹਾ ਕਿ ਇਸਨੇ ਆਪਣੀਆ ਟਿਕਟਾਂ ਆਪਣੇ ਗੁਰਗਿਆਂ ਨੁੰ ਦਿੱਤੀਆਂ ਤੇ ਪਿਛੇ ਕਮਰੇ ਵਿਚ ਬਹਿ ਕੇ ਰਣਨੀਤੀ ਘੜਨ ਵਾਲਿਆਂ ਨੁੰ ਇਨਾਮਾਂ ਨਾਲ ਨਿਵਾਜਿਆ ਹੈ। ਅਜਿਹਾ ਕਰਦਿਆਂ ਇਸਨੇ ਉਹਨਾਂ ਹਜ਼ਾਰਾਂ ਪਾਰਟੀ ਵਰਕਰਾਂ ਨੁੰ ਅਣਡਿੱਠ ਕੀਤਾ ਹੈ ਜਿਹਨਾਂ ਦਾ ਹੱਕ ਬਣਦਾ ਸੀ ਤੇ ਨਾਲ ਉਹ ਪੰਜਾਬੀ ਅਣਗੌਲੇ ਕੀਤੇ ਹਨ ਜਿਹਨਾਂ ਦਾ ਇਸ ਮਾਣ ’ਤੇ ਹੱਕ ਬਣਦਾ ਸੀ।
ਬਾਕਸ
ਰਾਜ ਸਭਾ ਚੋਣਾਂ: ਡਾ. ਐਸ. ਕਰੁਣਾ ਰਾਜੂ ਅਬਜਰਬਰ ਨਿਯੁਕਤ
ਚੰਡੀਗੜ੍ਹ, 21 ਮਾਰਚ: ਚੋਣ ਕਮਿਸਨ ਭਾਰਤ (ਈ.ਸੀ.ਆਈ.) ਨੇ 31 ਮਾਰਚ, 2022 ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਡਾ. ਐਸ. ਕਰੁਣਾ ਰਾਜੂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਨੂੰ ਆਬਜਰਵਰ ਨਿਯੁਕਤ ਕੀਤਾ ਹੈ।“ਨਾਮਜਦਗੀ ਦਸਤਾਵੇਜਾਂ ਦੀ ਪੜਤਾਲ, ਪੋਲਿੰਗ ਅਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੌਰਾਨ ਤੁਹਾਨੂੰ ਮੌਜੂਦ ਰਹਿਣ ਦੀ ਲੋੜ ਹੈ ਤਾਂ ਜੋ ਇਹ ਨਿਰੀਖਣ ਕੀਤਾ ਜਾ ਸਕੇ ਕਿ ਕਮਿਸਨ ਦੇ ਕਾਨੂੰਨ ਅਤੇ ਮੌਜੂਦਾ ਹਦਾਇਤਾਂ ਅਨੁਸਾਰ ਨਿਰਧਾਰਤ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਹੈ।“ ਪੱਤਰ ਵਿੱਚ ਅੱਗੇ ਕਿਹਾ ਗਿਆ ਹੈ, ਕਿ ਜੇਕਰ ਕੋਈ ਉਲੰਘਣਾ ਨਜਰ ਆਉਂਦੀ ਹੈ, ਤਾਂ ਉਸ ਨੂੰ ਤੁਰੰਤ ਕਮਿਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ ।ਜਿਕਰਯੋਗ ਹੈ ਕਿ ਚੋਣ ਕਮਿਸਨ ਭਾਰਤ ਨੇ ਸੀ.ਈ.ਓ. ਡਾ: ਰਾਜੂ ਨੂੰ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਰਿਪੋਰਟ ਪੇਸ ਕਰਨ ਲਈ ਵੀ ਕਿਹਾ ਹੈ।
Share the post "ਰਾਜ ਸਭਾ ਲਈ ‘ਆਪ‘ ਵਲੋਂ ਐਲਾਨੇ ਪੰਜ ਉਮੀਦਵਾਰਾਂ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ"