ਕਾਂਗਰਸੀ ਕੋਂਸਲਰ ਨੂੰ ਪੁਲਿਸ ਵਲੋਂ ਮੀਟਿੰਗ ਤੋਂ ਪਹਿਲਾਂ ਜਬਰੀ ਚੁੱਕਣ ਦੇ ਵਿਰੋਧ ’ਚ ਕਾਂਗਰਸੀਆਂ ਨੇ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਜ਼ਿਲ੍ਹੇ ਅਧੀਨ ਆਉਂਦੀ ਨਗਰ ਕੌਂਸਲ ਰਾਮਾ ਮੰਡੀ ਦੇ ਕਾਂਗਰਸੀ ਪ੍ਰਧਾਨ ਵਿਰੁੱਧ ਬਹੁਸੰਮਤੀ ਨਾਲ ਕੋਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ। ਇਸ ਦੌਰਾਨ ਬੇਭਰੋਸਗੀ ਦੇ ਮਤੇ ਸਬੰਧੀ ਰੱਖੀ ਮੀਟਿੰਗ ਤੋਂ ਪਹਿ ਲਾਂ ਇੱਕ ਕਾਂਗਰਸੀ ਕੋਂਸਲਰ ਨੂੰ ਪੁਲਿਸ ਵਲੋਂ ਜਬਰੀ ਚੁੱਕਣ ਦੇ ਵਿਰੋਧ ਵਿਚ ਕਾਂਗਰਸ ਦੇ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਕਾਂਗਰਸੀਆਂ ਵਲੋਂ ਸ਼ਹਿਰ ’ਚ ਰੋਸ ਪ੍ਰਰਦਸ਼ਨ ਕਰਦਿਆਂ ਥਾਣੇ ਅੱਗੇ ਧਰਨਾ ਦਿੱਤਾ। ਉਧਰ ਹਲਕਾ ਵਿਧਾਇਕ ਤੇ ਆਪ ਦੀ ਚੀਫ਼ ਵਿੱਪ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਕਿ ਸ਼ਹਿਰ ਦੇ ਵਿਕਾਸ ਲਈ ਜਲਦੀ ਹੀ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਮੁੱਦੇ ਨੂੰ ਲੈ ਕੇ ਅੱਜ ਸਾਰਾ ਦਿਨ ਹੀ ਰਾਮਾ ਮੰਡੀ ’ਚ ਗਹਿਮਾ-ਗਹਿਮੀ ਹੁੰਦੀ ਰਹੀ ਤੇ ਸਾਰਾ ਦਿਨ ਹੁੰਮਸ ਭਰੀ ਗਰਮੀ ਦੇ ਨਾਲ ਨਾਲ ਸਿਆਸੀ ਤਾਪਮਾਨ ਵੀ ਵਧਦਾ ਰਿਹਾ। ਦਸਣਾ ਬਣਦਾ ਹੈ ਕਿ ਨਗਰ ਕੋਂਸਲ ਵਿਚ ਕੁੱਲ 15 ਕੌਂਸਲਰ ਹਨ, ਜਿੰਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਸਬੰਧ ਸੀ ਪ੍ਰੰਤੂ ਮੌਜੂਦਾ ਸਮੇਂ ਵਿਚ 12 ਦੇ ਕਰੀਬ ਕੋਂਸਲਰ ਮੌਜੂਦਾ ਪ੍ਰਧਾਨ ਕ੍ਰਿਸਨ ਕੁਮਾਰ ਕਾਲਾ ਦੇ ਵਿਰੁਧ ਪਾਸਾ ਬਦਲ ਚੁੱਕੇ ਹਨ। ਬੇ ਭਰੋਸਗੀ ਦਾ ਮਤਾ ਪਾਸ ਕਰਨ ਲਈ ਨਗਰ ਕੌਂਸਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਕੌਂਸਲਰਾਂ ਦੀ ਮੀਟਿੰਗ ਵਿੱਚ 14 ਕੌਂਸਲਰ ਹਾਜਰ ਹੋਏ। ਇਸ ਦੌਰਾਨ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਦੇ ਵਿਰੁੱਧ ਕੌਂਸਲ ਦੇ ਕੁੱਲ 15 ਮੈਂਬਰਾਂ ਵਿਚੋਂ 12 ਮੈਂਬਰਾਂ ਜਿਨ੍ਹਾਂ ਵਿਚ ਤੇਲੂ ਰਾਮ ਲਹਿਰੀ, ਪ੍ਰਵੀਨ ਕੁਮਾਰ ਪੱਕਾ, ਸੰਜੀਵ ਕੁਮਾਰ ਪੱਪੂ, ਮਾਤਾ ਕਰਮਜੀਤ ਕੌਰ, ਸੁਨੀਤਾ ਰਾਣੀ ਬਾਂਸਲ, ਸੁਨੀਤਾ ਸ਼ਰਮਾ, ਗੀਤਾ ਰਾਣੀ, ਬੰਤ ਸਿੰਘ ਚੱਠਾ, ਕਿਰਨ ਨਾਗਰ, ਨਿਰਮਲਾ ਦੇਵੀ, ਗੋਲਡੀ ਰਾਣੀ ਅਤੇ ਰਕੇਸ਼ ਰਾਣੀ, ਵੱਲੋਂ ਬੇਭਰੋਸਗੀ ਦਾ ਮਤਾ ਪੇਸ਼ ਕਰਦਿਆਂ ਪਾਸ ਕਰ ਦਿੱਤਾ ਗਿਆ। ਜਦੋਂਕਿ ਕ੍ਰਿਸ਼ਨ ਕੁਮਾਰ ਕਾਲਾ ਦੇ ਪੱਖ ਵਿੱਚ ਸਿਰਫ਼ ਦੋ ਕੋਂਸਲਰ ਮਨੋਜ ਸਿੰਗੋ ਅਤੇ ਸਰਬਜੀਤ ਸਿੰਘ ਢਿੱਲੋ ਹੀ ਰਹਿ ਗਏ ਹਨ। ਇਸ ਦੌਰਾਨ ਅੱਜ ਸਵੇਰੇ ਪੁਲਿਸ ਵਲੋਂ ਕਥਿਤ ਤੌਰ ’ਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ਨੂੰ ਉਸਦੇ ਘਰੋਂ ਹਿਰਾਸਤ ਵਿਚ ਲਿਆ ਗਿਆ। ਜਿਸਦੇ ਵਿਰੋਧ ਵਿਚ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਵਲੋਂ ਮੰਡੀ ਦੇ ਗਾਂਧੀ ਚੌਂਕ ਵਿੱਚ ਧਰਨਾ ਲਾਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੌਕੇ ’ਤੇ ਬਠਿੰਡਾ ਤੋਂ ਪੁੱਜੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਕੋਂਸਲਰ ਦੇ ਪਿਤਾ ਵਲੋਂ ਸਬੰਧਤ ਪੁਲਿਸ ਮੁਲਾਜਮਾਂ ਅਤੇ ਹੋਰਨਾਂ ਵਿਰੁਧ ਸਿਕਾਇਤ ਵੀ ਦਿੱਤੀ। ਮੀਟਿੰਗ ਤੋਂ ਬਾਅਦ ਕੋਂਸਲਰ ਸਰਬਜੀਤ ਸਿੰਘ ਢਿੱਲੋਂ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਵਿਧਾਇਕ ਧੱਕੇ ਨਾਲ ਵਿਰੋਧੀ ਪਾਰਟਈਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਚੁੱਕ ਕੇ ਅਪਣੇ ਕਬਜ਼ੇ ਕਰ ਰਹੇ ਹਨ।
ਰਾਮਾ ਮੰਡੀ ਨਗਰ ਕੋਂਸਲ ਦੇ ਕਾਂਗਰਸੀ ਪ੍ਰਧਾਨ ਵਿਰੁਧ ਕੋਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪਾਸ
10 Views