ਸੁਖਜਿੰਦਰ ਮਾਨ
ਬਠਿੰਡਾ, 20 ਮਈ: ਐਫ ਐਮ ਰੇਡੀਓ ਸਟੇਸ਼ਨ ਬਠਿੰਡਾ ਅਤੇ ਪਟਿਆਲਾ ਦੇ ਖੇਤਰੀ ਪ੍ਰਸਾਰਨ ਦਾ ਸਮਾਂ ਘਟਾ ਕੇ ਚਾਰ ਘੰਟੇ ਕਰਨ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਸ਼ੁੱਕਰਵਾਰ ਨੂੰ ਤਹਿਸੀਲਦਾਰ ਬਠਿੰਡਾ ਰਾਹੀਂ ਕੇਂਦਰ ਸਰਕਾਰ ਨੂੰ ਤਰਕਸ਼ੀਲ ਸੁਸਾਇਟੀ, ਸਾਹਿਤ ਸਭਾਵਾਂ,ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਸ਼ੁੱਭਚਿੰਤਕਾਂ,ਕਲਾਕਾਰਾਂ,ਇੰਜਨੀਅਰਾਂ, ਬੁੱਧੀਜੀਵੀਆਂ,ਵਕੀਲਾਂ,ਡਾਕਟਰਾਂ,ਸਿੱਖਿਆ ਸ਼ਾਸਤਰੀਆਂ ਤੇ ਸਮਾਜ ਸੇਵੀਆਂ ਨੇ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਿਲ੍ਹਾ ਪ੍ਧਾਨ ਬੱਗਾਸਿੰਘ,ਜਨਰਲ ਸਕੱਤਰ ਪਿ੍ਰਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਖੇਤਰੀ ਪ੍ਰਸਾਰਨਾਂ ਦਾ ਸਮਾਂ ਪਹਿਲਾਂ ਗਿਆਰਾਂ-ਬਾਰ੍ਹਾਂ ਘੰਟੇ ਸਥਾਨਕ ਪ੍ਰੋਗਰਾਮ ਪੇਸ਼ ਕਰਨ ਲਈ ਰੱਖਿਆ ਹੋਇਆ ਸੀ,ਪਰ ਹੁਣ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਥਾਂ ਬਾਹਰਲੀਆਂ ਭਾਸ਼ਾਵਾਂ ਦੇ ਪ੍ਰੋਗਰਾਮ ਜਲੰਧਰ ਅਤੇ ਦਿੱਲੀ ਤੋਂ ਜਿਆਦਾਤਰ ਸਮਾਂ ਰਿਲੀਜ ਕੀਤੇ ਜਾਇਆ ਕਰਨਗੇ। ਪਿਛਲੇ ਸਮੇਂ ਦੌਰਾਨ ਐਫ ਐਮ ਰੇਡੀਓ ਸਟੇਸ਼ਨ ਸਥਾਨਕ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਣਾਏ ਹੋਣ ਕਰਕੇ ਲੋਕਾਂ ਵੱਲੋਂ ਜਿਆਦਾਤਰ ਸੁਣੇ ਜਾਂਦੇ ਹੋਣ ਕਰਕੇ ਹਰਮਨ ਪਿਆਰੇ ਹੋ ਗਏ ਹਨ। ਮਾਹਿਰਾਂ,ਬੁੱਧੀਜੀਵੀਆ,ਵਿਗਿਆਨੀਆਂ,ਡਾਕਟਰਾਂ ਇੰਜੀਨੀਅਰਾਂ,ਲੇਖਕਾਂ,ਕਲਾਕਾਰਾਂ,ਖੇਤੀ ਤੇ ਭਾਸ਼ਾ ਮਾਹਿਰਾਂ ਦੀਆਂ ਇੰਟਰਵਿਊਆਂ ਸਮੇਂ ਸਮੇਂ ਸਿਰ ਐਫਐਮ ਰੇਡੀਓ ਵੱਲੋਂ ਪ੍ਰਸਾਰਤ ਕੀਤੀਆਂ ਜਾਂਦੀਆਂ ਸਨ,ਜਿਸ ਨਾਲ ਲੋਕਾਂ ਦੇ ਮੰਗਾਂ ਮਸਲੇ,ਮਨੋਰੰਜਨ ਤੇ ਹੋਰ ਅਨੇਕਾਂ ਰੁਚੀਆਂ ਨੂੰ ਨਾ ਸਿਰਫ ਭਰਪੂਰ ਹੁੰਗਾਰਾ ਮਿਲਦਾ ਰਹਿੰਦਾ ਸੀ ਬਲਕਿ ਉਹਨਾਂ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਸੀ,ਜਿਸ ਨਾਲ ਉਨ੍ਹਾਂ ਦੀ ਸੋਚ ਵਿਗਿਆਨਕ ਬਣਦੀ ਸੀ। ਖੇਤਰੀ ਪ੍ਸਾਰਨਾਂ ਦਾ ਸਮਾਂ ਘਟਾਉਣ ਨਾਲ ਹੁਣ ਇਹ ਸਾਰੀਆਂ ਸੰਭਾਵਨਾਵਾਂ ਸੀਮਤ ਹੋ ਜਾਣਗੀਆਂ ਅਤੇ ਲੋਕ ਇਸ ਸਮੁੱਚੇ ਗਿਆਨ ਤੋਂ ਵਾਂਝੇ ਹੋ ਜਾਣਗੇ।
Share the post "ਰੇਡੀਓ ਪ੍ਰਸਾਰਨ ਦਾ ਸਮਾਂ ਘਟਾਉਣ ਦੇ ਫੈਸਲੇ ਵਿਰੁੱਧ ਜਮਹੂਰੀ ਅਧਿਕਾਰ ਸਭਾ ਨੇ ਦਿੱਤਾ ਮੰਗ ਪੱਤਰ"