ਜਦੋਂ ਬਿੱਲੀ ਦੂਰ ਹੁੰਦੀ ਹੈ ਤਾਂ ਚੂਹੇ ਖੇਡਣਗੇ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ 14 ਨਵੰਬਰ :ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਦੇ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਅਤੇ ਬੇਪਰਵਾਹ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪੰਜਾਬ ਛੱਡ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਇਸ ਤਰ੍ਹਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਨੂੰ ਰੱਬ ਦੀ ਦਇਆ ਤੇ ਛੱਡ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਹਰ ਵੀਕੈਂਡ ‘ਤੇ ਭਗਵੰਤ ਮਾਨ ਗੁਜਰਾਤ ‘ਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ ਅਤੇ ਹੁਣ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਵੀ ਪਾਰਟੀ ਲਈ ਲੋੜੀਂਦੇ ਕੰਮ ਕਰਨ ਲਈ ਪੱਛਮੀ ਸੂਬੇ ‘ਚ ਬੁਲਾਇਆ ਗਿਆ ਹੈ। ਇਧਰ ਪੰਜਾਬ ਉਥਲ-ਪੁਥਲ ਵਿੱਚ ਹੈ ਅਤੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਦੂਜੇ ਸ਼ਬਦਾਂ ਚ ਕਿਹਾ ਜਾਵੇ ਤਾਂ ਅਸਲ ਵਿੱਚ ਗੈਂਗਸਟਰ ਹੀ ਰਾਜ ਕਰ ਰਹੇ ਹਨ। ਅਜਿਹੀ ਸਥਿਤੀ ਚ ਆਮ ਆਦਮੀ ਰਾਜ ਵਿੱਚ ਖਾਸ ਕਰਕੇ ਦਿਨ ਦਿਹਾੜੇ ਹੋਏ ਕਤਲਾਂ ਤੋਂ ਬਾਅਦ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਬਾਜਵਾ ਨੇ ਕਿਹਾ ਕਿ ਗੁਜਰਾਤ ਚੋਣਾਂ ਦੇ ਪ੍ਰਚਾਰ ਇਸ ਨਾਜ਼ੁਕ ਸਮੇਂ ਪੰਜਾਬ ਨੂੰ ਛੱਡਣਾ ਸੂਬੇ ਲਈ ਚੰਗਾ ਨਹੀਂ ਹੈ। ਦੋਵੇਂ ਮਹਿਲਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਅਨਮੋਲ ਗਗਨ ਮਾਨ ਪਹਿਲਾਂ ਹੀ ਗੁਜਰਾਤ ਵਿਚ ਪਾਰਟੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਕੁਲਦੀਪ ਸਿੰਘ ਧਾਲੀਵਾਲ ਅੱਜ ਰਵਾਨਾ ਹੋਣਗੇ ਜਦੋਂਕਿ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਲਾਲ ਚੰਦ ਕਟਾਰੂਚੱਕ ਪਹਿਲਾਂ ਹੀ ਗੁਜਰਾਤ ਵਿੱਚ ਡੇਰੇ ਲਾਈ ਬੈਠੇ ਹਨ। ਇਸੇ ਤਰ੍ਹਾਂ ‘ਆਪ’ ਦੇ ਵੱਡੀ ਗਿਣਤੀ ਵਿਧਾਇਕ ਗੁਜਰਾਤ ਵੱਲ ਰਵਾਨਾ ਹੋ ਰਹੇ ਹਨ।
ਇਧਰ ਹਰੇਕ ‘ਆਪ’ ਵਿਧਾਇਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧਿਆਨ ਖਿੱਚਣ ਦੇ ਨਾਲ-ਨਾਲ ਪੰਜਾਬ ‘ਚ ਮੰਤਰੀ ਮੰਡਲ ‘ਚ ਸ਼ਾਮਲ ਹੋਣ ਨੂੰ ਯਕੀਨੀ ਬਣਾਉਣ ਲਈ ਇਕ-ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਿਹਾ ਸੀ। ‘ਆਪ’ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ‘ਚ ਮੰਤਰੀ ਮੰਡਲ ਦਾ ਵਿਸਥਾਰ ਕਰਨ ਤੋਂ ਪਹਿਲਾਂ ਪ੍ਰਚਾਰ ਦੌਰਾਨ ਗੁਜਰਾਤ ‘ਚ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਇਹ ਕਿ ਪੰਜਾਬ ਲਈ ਇਹ ਕਿੱਡੀ ਮੰਦਭਾਗੀ ਗੱਲ ਹੈ ਕਿ ਹਾਲਾਂਕਿ ਪੰਜਾਬ ਵਾਸੀਆਂ ਨੂੰ ਗੈਰ-ਜ਼ਿੰਮੇਵਾਰ ਅਫਸਰਸ਼ਾਹੀ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਹੈ। ਗੁਜਰਾਤ ਚੋਣਾਂ ਵਿੱਚ ਅਜੇ 15 ਦਿਨ ਤੋਂ ਵੱਧ ਦਾ ਸਮਾਂ ਬਾਕੀ ਹੈ ਅਤੇ ਇਸ ਸਭ ਦੌਰਾਨ ਪੰਜਾਬ ਦਾ ਨੁਕਸਾਨ ਹੁੰਦਾ ਰਹੇਗਾ ਕਿਉਂਕਿ ਪੰਜਾਬ ਵਾਸੀਆਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਵਾਲਾ ਕੋਈ ਨਹੀਂ ਹੋਵੇਗਾ।
Share the post "ਰੱਬ ਆਸਰੇ ਪੰਜਾਬ, ਭਗਵੰਤ ਮਾਨ ਦੀ ਅੱਧੀ ਕੈਬਨਿਟ ਨੇ ਗੁਜਰਾਤ ਚੋਣਾਂ ਲਈ ਪੰਜਾਬ ਛੱਡ ਦਿੱਤਾ – ਬਾਜਵਾ"