ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਪੰਜਾਬ ਅੰਦਰ ਫਿਰਕੂ ਰੰਗਤ ਅਤੇ ਹਕੂਮਤੀ ਦਹਿਸ਼ਤ ਦੇ ਵਿਰੁਧ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਵਿਸ਼ੇਸ ਇਕੱਤਰਤਾ ਕੀਤੀ ਗਈ ਅਤੇ ਇਸਤੋਂ ਬਾਅਦ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਦੇ ਸਕੱਤਰ ਸੁਖਵਿੰਦਰ ਸਿੰਘ ਅਤੇ ਸੂਬਾਈ ਆਗੂ ਸ਼ੀਰੀਂ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਉਭਰਨਾ ਅਤੇ ਪ੍ਰਚਾਰ ਚਲਾਉਣਾ ਸੰਘਰਸ਼ੀ ਰਾਹ ’ਤੇ ਅੱਗੇ ਵਧ ਰਹੇ ਪੰਜਾਬ ਦੇ ਲੋਕਾਂ ਲਈ ਵੱਡੀਆਂ ਅਰਥ ਸੰਭਾਵਨਾਵਾਂ ਵਾਲਾ ਮੰਦਭਾਗਾ ਵਰਤਾਰਾ ਸੀ, ਜੋ ਕਿ ਲੋਕਾਂ ਦਾ ਹਕੀਕੀ ਮੁੱਦਿਆਂ ਤੋਂ ਧਿਆਨ ਤਿਲਕਾਅ ਕੇ ਆਪਸੀ ਭਰਾ ਮਾਰ ਟਕਰਾਵਾਂ ਦੇ ਵੱਸ ਪਾਉਣ ਵਾਲੀ ਫਿਰਕੂ ਰਾਜਨੀਤੀ ਦੇ ਫਿੱਟ ਬੈਠਦਾ ਸੀ। ਪਰ ਹੁਣ ਇਸਨੂੰ ਰੋਕਣ ਦੇ ਨਾਂ ’ਤੇ ਬਿਨਾਂ ਕਿਸੇ ਵਿਸ਼ੇਸ਼ ਖ਼ਤਰੇ ਤੋਂ ਵੱਡਾ ਹਊਆ ਪੈਦਾ ਕਰਕੇ ਸੂਬਾ ਅਤੇ ਕੇਂਦਰ ਸਰਕਾਰ ਨੇ ਹਕੂਮਤੀ ਦਹਿਸ਼ਤ ਪਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ ਅਤੇ ਇਸ ਨੂੰ ਗੈਰ ਵਾਜਬ ਤੌਰ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵਜੋਂ ਪੇਸ਼ ਕੀਤਾ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 8 ਅਪ੍ਰੈਲ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਇਤਿਹਾਸਕ ਦਿਨ ਹੈ, ਜਿਸ ਦਿਨ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਨੂੰ ਕਾਲੇ ਕਾਨੂੰਨਾਂ ਖਿਲਾਫ਼ ਭਾਰਤੀ ਲੋਕਾਂ ਦਾ ਰੋਹ ਦਰਜ ਕਰਾਇਆ ਸੀ। ਇਸ ਮੌਕੇ ਇਕੱਤਰਤਾ ਵੱਲੋਂ ਮੰਗ ਕੀਤੀ ਗਈ ਕਿ ਐਨ. ਐਸ. ਏ,ਅਫਸਪਾ, ਯੂਏਪੀਏ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕੌਮੀ ਸੁਰੱਖਿਆ ਏਜੰਸੀ ਨੂੰ ਪੰਜਾਬ ਤੋਂ ਬਾਹਰ ਰੱਖਿਆ ਜਾਵੇ,ਐਨ.ਐਸ.ਏ ਤਹਿਤ ਦਰਜ ਕੀਤੇ ਕੇਸ ਵਾਪਸ ਲਏ ਜਾਣ, ਪੰਜਾਬ ਦੇ ਲੋਕਾਂ ਨਾਲ ਸਿਆਸੀ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ।ਇਸ ਮੌਕੇ ਨਿਰਮਲ ਸਿਵੀਆ,ਅਮਨ ਦਾਤੇਵਾਸ,ਬਿੰਦਰ ਬਠਿੰਡਾ, ਆਦਿ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।
Share the post "ਲੋਕ ਮੋਰਚਾ ਪੰਜਾਬ ਵੱਲੋਂ ਫਿਰਕਾਪ੍ਰਸਤੀ ਤੇ ਹਕੂਮਤੀ ਦਹਿਸ਼ਤ ਵਿਰੁਧ ਸ਼ਹਿਰ ਵਿਚ ਰੋਸ਼ ਮਾਰਚ"