ਸਰਕਾਰ ਨੂੰ ਆਖਿਆ ਕਿ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇ ਅਤੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਜ਼ੀਰਾ ਵਿਚ ਲੋਕਾਂ ਦੀਆਂ ਜਾਨਾਂ ਨੂੰ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਹਿੱਤਾਂ ਨਾਲੋਂ ਵੱਧ ਤਰਜੀਹ ਦਿੱਤੀ ਜਾਵੇ।ਉਹਨਾਂ ਨੇ ਸ੍ਰੀ ਮਾਨ ਨੂੰ ਆਖਿਆ ਕਿ ਉਹ ਜ਼ੀਰਾ ਵਿਚ ਸ਼ਰਾਬ ਫੈਕਟਰੀ ਪਿਛਲੀ ਕੰਪਨੀ ਨੂੰ ਲਾਭ ਪਹੁੰਚਾਉਣ ਦੀ ਥਾਂ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਕੰਮ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਾਲਬਰੋਸ ਸ਼ਰਾਬ ਫੈਕਟਰੀ ਦੇ ਖਿਲਾਫ ਧਰਨਾ ਚੱਲਦੇ ਨੁੰ ਅੱਜ 150 ਤੋਂ ਜ਼ਿਆਦਾ ਦਿਨ ਹੋਗਏ ਹਨ ਅਤੇ ਕੀਮਤੀ ਮਨੁੱਖੀ ਜਾਨਾਂ ਪ੍ਰਤੀ ਚਿੰਤਾ ਕਰਦਿਆਂ ਇਹ ਧਰਨਾ ਪੂਰੀ ਤਰ੍ਹਾਂ ਵਾਜਬ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਮਨਸੂਰਵਾਲਾ ਤੇ ਨਾਲ ਲੱਗਵੇਂ ਪਿੰਡਾਂ ਦੇ ਲੋਕਾਂ ਵੱਲੋਂ ਬਣਾਏ ਸਾਂਝੇ ਫਰੰਟ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਹਨਾਂ ਕਿਹਾ ਕਿ ਉਹ ਇਲਾਕੇ ਵਿਚੋਂ ਜ਼ਮੀਨ ਹੇਠਲਾ ਪਾਣੀ ਵਿਖਾ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਜ਼ਮੀਨ ਹੇਠਲਾ ਪਾਣੀ 650 ਫੁੱਟ ਦੀ ਡੂੰਘਾਈ ਤੱਕ ਪ੍ਰਦੁਸ਼ਤ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਸਵਾਲ ਉਹਨਾਂ ਦੀ ਹੋਂਦ ਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਜਾਏ ਇਲਾਕੇ ਦੇ ਲੋਕਾਂ ਦੀ ਆਵਾਜ਼ ਸੁਣਨ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸ਼ਰਾਬ ਫੈਕਟਰੀ ਮਾਲਕਾਂ ਦਾ ਪੱਖ ਪੂਰ ਰਹੇ ਹਨ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਇਲਾਕੇ ਤੋਂ ਲਏ ਪਾਣੀ ਦੇ ਸੈਂਪਲਾਂ ਨੂੰ ਕਲੀਨ ਚਿੱਟ ਦੇਣ ਤੋਂ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਸਰਕਾਰ ਨੇ ਸ਼ਰਾਬ ਫੈਕਟਰੀਵਾਸਤੇ ਕਲੀਨ ਚਿੱਟ ਖਰੀਦੀ ਹੈ ਤੇ ਇਹ ਹਾਈ ਕੋਰਟ ਵਿਚ ਲੋਕਾਂ ਦੇ ਪੱਖ ਦੀ ਪ੍ਰਤੀਨਿਧਤਾ ਨਹੀਂ ਕਰ ਰਹੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ ਮੁੱਖ ਮੰਤਰੀ ਅਸਲ ਵਿਚ ਪੀੜਤਾਂ ਨੂੰ ਹੀ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ ਸ੍ਰੀ ਭਗਵੰਤ ਮਾਨ ਕਿਸਾਨਾਂ ਦੀ ਗੱਲ ਸੁਣਨ ਦਾ ਡਰਾਮਾ ਕਰਦੇ ਰਹੇ ਤੇ ਉਹਨਾਂ ਨੂੰ ਭਰੋਸਾ ਦੁਆਉਂਦੇ ਰਹੇ ਕਿ ਉਹਨਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ, ਇਸ ਮਗਰੋਂ ਉਹਨਾਂ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਡਿਊਟੀ ਲਗਾ ਦਿੱਤੀ ਕਿ ਉਹੰਗਾਂ ਪੂਰੀਆਂ ਹੋਣ ਦਾ ਵੱਡਾ ਡਰਾਮਾ ਕਰਨ। ਉਹਨਾਂ ਕਿਹਾ ਕਿ 12 ਘੰਟਿਆਂ ਦੇ ਅੰਦਰ ਹੀ ਸਰਕਾਰ ਨੇ ਸਾਂਝਾ ਫਰੰਟ ਦੇ ਟੈਂਟ ਪੁੱਟਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਖਿਲਾਫ ਜ਼ਬਰ ਤੇ ਜ਼ੁਲਮ ਸ਼ੁਰੂ ਕਰ ਦਿੱਤਾ।ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਤੋਂ ਪਿੱਛੇ ਕਿਉਂ ਹਟੇ ਤੇ ਕਿਉਂ ਪਿੰਡਾਂ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਸਰਕਾਰ ਨੂੰ ਇਕ ਲੋਕਤੰਤਰੀ ਲਹਿਰ ਨੂੰ ਜ਼ਬਰ ਤੇ ਧੱਕੇਸ਼ਾਹੀ ਨਾਲ ਕੁਚਲਣ ਦਾ ਯਤਨ ਕਰਨ ਨਾਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਖਿਲਾਫ ਬਲ ਦੀ ਵਰਤੋਂ ਦੀ ਨਿਖੇਧੀ ਕਰਦਾ ਹੈ।ਸ:ਬਾਦਲ ਨੇ ਕਿਹਾ ਕਿ ਸਰਕਾਰ ਨੂੰ ਵਿਖਾਵਾਕਾਰੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਹਨਾਂ ਵੱਲੋਂ ਸਰਕਾਰ ਨੂੰ ਦਿੱਤੇ ਸੈਂਪਲਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੁਣੌਤੀ ਦਿੱਤੀ ਹੈ ਕਿ ਉਹ ਸ਼ਰਾਬ ਫੈਕਟਰੀ ਦੇ ਨੇੜਲੇ ਇਲਾਕੇ ਵਿਚੋਂ ਪਾਣੀ ਪੀ ਕੇ ਵਿਖਾਉਣ ਕਿਉਂਕਿ ਉਹਨਾਂ ਦਾ ਦਾਅਵਾ ਹੈ ਕਿ ਇਹ ਪਾਣੀ ਮਨੁੱਖ ਦੇ ਪੀਣ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਇਕੱਠੇ ਕੀਤੇ ਸੈਂਪਲਾਂ ਨੂੰ ਇਕੱਠਾ ਕਰਨ ਦੇ ਤਰੀਕੇ ਦੀ ਮੁੜ ਘੋਖ ਹੋਣੀ ਚਾਹੀਦੀ ਹੈ ਤਾਂ ਜੋ ਯਕੀਨੀਬ ਬਣਾਇਆ ਜਾ ਸਕੇ ਕਿ ਇਹ ਸੈਂਪਲ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੇਣ ਦੇ ਮਨਸ਼ੇ ਨਾਲ ਇਕੱਤਰ ਨਾ ਕੀਤੇ ਗਏ ਹੋਣ। ਉਹਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪ੍ਰਦੂਸ਼ਣ ਇਕ ਗੰਭੀਰ ਸਮੱਸਿਆ ਹੈ ਅਤੇ ਸਾਨੂੰ ਇਸ ਨਾਲ ਬਹੁਤ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਤ ਪਾਣੀ ਵਿਚ ਸਮਰਥਾ ਹੁੰਦੀ ਹੈ ਕਿ ਉਹ ਸਿਰਫ ਫਸਲਾਂ ਦਾ ਹੀ ਨੁਕਸਾਨ ਨਹੀਂ ਕਰਦਾ ਬਲਕਿ ਖੇਤੀਬਾੜੀ ’ਤੇ ਨਿਰਭਰ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਸਕਦਾ ਹੈ ਤੇ ਮਹਾਂਮਾਰੀ ਫੈਲਾ ਸਕਦਾ ਹੈ।
Share the post "ਲੋਕਾਂ ਦੀਆਂ ਜਾਨਾਂ ਦੀ ਬਜਾਏ ਜ਼ੀਰਾ ਕਾਂਡ ’ਚ ਸਰਕਾਰ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਹਿੱਤਾਂ ਦਾ ਰੱਖ ਰਹੀ ਹੈ ਖਿਆਲ: ਸੁਖਬੀਰ ਬਾਦਲ"