ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਸਤੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਅਤੇ ਇੱਕ ਮਹਿਲਾ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਲੰਟੀਅਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹਾ ਹਰਿਆਣਾ ਦੇ ਪਿੰਡ ਕਸੰਦੀ ਦੇ ਮਨਜੀਤ ਦੀ ਸ਼ਿਕਾਇਤ ‘ਤੇ ਬਿਊਰੋ ਨੇ ਪੁਲਿਸ ਚੌਕੀ ਬੱਸ ਸਟੈਂਡ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਤੇਜਿੰਦਰ ਸਿੰਘ (922/ਐਲਡੀਐਚ.) ਏਐਸਆਈ ਨਸੀਬ ਸਿੰਘ (2212/ਐਲਡੀਐਚ) ਅਤੇ ਮਹਿਲਾ ਹੋਮ ਗਾਰਦ ਜੋਤੀ (ਨੰਬਰ 16240) ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰ. 12 ਮਿਤੀ 9.9.2022 ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਏਐਸਆਈ ਤੇਜਿੰਦਰ ਸਿੰਘ ਅਤੇ ਮਹਿਲਾ ਪੀਐਚਜੀ ਜੋਤੀ ਨੂੰ ਪੁੱਛਗਿੱਛ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ ‘ਤੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਥਾਣਾ ਡਿਵੀਜ਼ਨ 5 ਲੁਧਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 420,467, 468, 471, 120ਬੀ ਤਹਿਤ ਦਰਜ ਐਫ.ਆਈ.ਆਰ. 45/19 ਦੇ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਕੇਸ ਵਿੱਚ ਕਰੀਬ 35 ਹੋਰ ਸਹਿ ਮੁਲਜ਼ਮ ਹਨ।ਆਪਣੀ ਸ਼ਿਕਾਇਤ ਵਿੱਚ ਮਨਜੀਤ ਨੇ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ ‘ਤੇ ਰਾਜਪੂਤ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ ਪਰ ਉਹ ਜੱਟ ਜਾਤੀ ਨਾਲ ਸਬੰਧ ਰੱਖਦਾ ਹੈ। ਇਸ ਪੁਲੀਸ ਕੇਸ ਵਿੱਚ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਸ਼ਿਕਾਇਤਕਰਤਾ ਨੇ ਆਪਣੇ ਕੇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਸਬੰਧੀ ਏਐਸਆਈ ਤੇਜਿੰਦਰ ਸਿੰਘ ਕੋਲ ਪਹੁੰਚ ਕੀਤੀ ਜਿਸ ਨੇ ਇਸ ਸਬੰਧੀ ਉਸ ਕੋਲੋਂ 20 ਹਜ਼ਾਰ ਰੁਪਏ ਕਿਸ਼ਤਾਂ ਵਿੱਚ ਲਏ ਸਨ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਦੱਸਿਆ ਕਿ 11.7.2022 ਨੂੰ ਪੀ.ਐਚ.ਜੀ. ਜੋਤੀ ਨੇ ਉਸਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਉਸਦੀ ਮਦਦ ਕਰਨ ਲਈ 20,000 ਰੁਪਏ ਹੋਰ ਮੰਗੇ ਪਰ ਸੌਦਾ 15000 ਰੁਪਏ ਵਿੱਚ ਤੈਅ ਹੋਇਆ। ਗੱਲਬਾਤ ਦੌਰਾਨ ਉਸਨੇ ਸਬੂਤ ਵਜੋਂ ਉਸਦੀ ਕਾਲ ਰਿਕਾਰਡ ਕਰ ਲਈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 12-7-2022 ਨੂੰ ਪੀ.ਐਚ.ਜੀ. ਜੋਤੀ ਨੂੰ ਮਿਲਿਆ ਸੀ ਜਿਸ ਨੇ ਰਿਸ਼ਵਤ ਵਜੋਂ 15000 ਰੁਪਏ ਦੀ ਮੰਗ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸੇ ਦਿਨ ਏ.ਐਸ.ਆਈ ਤੇਜਿੰਦਰ ਸਿੰਘ ਅਤੇ ਏ.ਐਸ.ਆਈ ਨਸੀਬ ਸਿੰਘ ਨੇ ਉਸ ਪਾਸੋਂ 500-500 ਰੁਪਏ ਰਿਸ਼ਵਤ ਲੈ ਲਈ ਜਿਸਦੀ ਮਨਜੀਤ ਨੇ ਵੀਡੀਓ ਰਿਕਾਰਡਿੰਗ ਕਰ ਲਈ।ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਵਿਚਲੇ ਤੱਥ ਸਹੀ ਪਾਏ ਗਏ ਅਤੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਵਿੱਚੋਂ 2 ਪੁਲੀਸ ਮੁਲਾਜ਼ਮਾਂ ਏਐਸਆਈ ਤੇਜਿੰਦਰ ਸਿੰਘ ਅਤੇ ਲੇਡੀ ਪੀਐਚਜੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Share the post "ਵਿਜੀਲੈਂਸ ਵੱਲੋਂ ਤਿੰਨ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ, ਦੋ ਗ੍ਰਿਫ਼ਤਾਰ"