28 ਨੂੰ ਚੰਡੀਗੜ੍ਹ ਵਿਖੇ ਵਿਤ ਮੰਤਰੀ ਨਾਲ ਦਿੱਤਾ ਮੀਟਿੰਗ ਕਰਵਾਉਣ ਦਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 25 ਜੁਲਾਈ -ਬੀਤੇ ਕੱਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਪੁੱਜੇ ਠੇਕਾ ਮੁਲਾਜਮਾਂ ਦੀ ਧੂਹ-ਘੜੀਸ ਤੇ ਉਨ੍ਹਾਂ ਨੂੰ ਥਾਣੇ ਡੱਕਣ ਦੇ ਵਿਰੋਧ ਵਿਚ ਅੱਜ ਮੁੜ ਵੱਡੀ ਗਿਣਤੀ ਵਿਚ ਇਕੱਤਰ ਹੋਏ ਠੇਕਾ ਕਾਮਿਆਂ ਨੂੰ ਪ੍ਰਸ਼ਾਸਨ ਨੇ ਪਲੋਸਦਿਆਂ 28 ਜੁਲਾਈ ਨੂੰ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਇਕੱਤਰ ਹੋਏ ਠੇਕਾ ਮੁਲਾਜਮਾਂ ਵੱਲੋਂ ਅੱਜ ਫ਼ਿਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਾਜੈਕਟਾਂ ਦੇ ਉਦਘਾਟਨ ਮੌਕੇ ਸ਼੍ਰੀ ਬਾਦਲ ਦੇ ਘਿਰਾਓ ਦਾ ਫੈਸਲਿਆ ਲਿਆ ਗਿਆ। ਇਸ ਦੌਰਾਨ ਮੌਕੇ ਦੀ ਨਜ਼ਾਕਤ ਸਮਝਦਿਆਂ ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਅਤੇ ਡੀ.ਐੱਸ.ਪੀ.ਆਸਵੰਤ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਠੰਢ ਰੱਖਣ ਦੀ ਅਪੀਲ ਕਰਦਿਆਂ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸਤੋਂ ਬਾਅਦ ਮੁਲਾਜਮਾਂ ਨੇ ਅਪਣਾ ਪ੍ਰੋਗਰਾਮ ਮੁਲਤਵੀਂ ਕਰ ਦਿੱਤਾ। ਇਸ ਮੌਕੇ ਮੋਰਚੇ ਦੇ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਜਗਸੀਰ ਸਿੰਘ ਭੰਗੂ,ਸੇਵਕ ਸਿੰਘ ਦੰਦੀਵਾਲ, ਸੰਦੀਪ ਖ਼ਾਨ,ਜਗਜੀਤ ਬਰਾੜ,ਅਮਰੀਕ ਸਿੰਘ ਮਹਿਰਾਜ਼,ਹਰਜਿੰਦਰ ਸਿੰਘ ਬਰਾੜ ਆਦਿ ਨੇ ਮੰਗ ਕੀਤੀ ਕਿ ਪਿਛਲੀ ਸਰਕਾਰ ਵਲੋਂ ਬਣਾਏ “ਵੈੱਲਫੇਅਰ ਐਕਟ 2016“ ਤਹਿਤ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਠੇਕਾ ਕਾਮੇ ਮੁੱਖ ਮੰਤਰੀ ਤੇ ਮੰਤਰੀਆਂ ਦਾ ਥਾਂ ਥਾਂ ’ਤੇ ਵਿਰੋਧ ਕਰਨਗੇ।