ਸੁਖਜਿੰਦਰ ਮਾਨ
ਬਠਿੰਡਾ, 24 ਫ਼ਰਵਰੀ : ਲੰਘੀ 16 ਫ਼ਰਵਰੀ ਨੂੰ ਸਥਾਨਕ ਸਰਕਟ ਹਾਊਸ ਵਿਚੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਮ ਗਰਗ ਨੂੰ ਅੱਜ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਵਲੋਂ ਸ਼੍ਰੀਮਤੀ ਦਲਜੀਤ ਕੌਰ ਦੀ ਅਦਾਲਤ ਵਿਚ ਰਿਸ਼ਮ ਨੂੰ ਪੇਸ਼ ਕਰਕੇ ਦਾਅਵਾ ਕੀਤਾ ਕਿ ਮੁਜਰਮ ਕੋਲੋ ਹਾਲੇ ਹੋਰ ਪੈਸਿਆਂ ਦੀ ਬਰਾਮਦਗੀ ਕਰਵਾਉਣੀ ਹੈ ਅਤੇ ਨਾਲ ਬੀਤੇ ਕੱਲ ਗ੍ਰਿਫਤਾਰ ਕੀਤੇ ਗਏ ਵਿਧਾਇਕ ਦੇ ਆਹਮੋ-ਸਾਹਮਣੇ ਬਿਠਾ ਕੇ ਪੁਛ ਪੜਤਾਲ ਕੀਤੀ ਜਾਣੀ ਹੈ। ਜਿਸਦੇ ਚੱਲਦੇ ਉਸਦਾ ਹੋਰ ਪੁਲਿਸ ਰਿਮਾਂਡ ਦਿੱਤਾ ਜਾਵੇ। ਪ੍ਰੰਤੂ ਮੁਜਰਮ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਵਿਜੀਲੈਂਸ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਲਗਾਤਾਰ ਅੱਠ ਦਿਨਾਂ ਤੋਂ ਪੁਲਿਸ ਰਿਮਾਂਡ ’ਤੇ ਚੱਲ ਰਹੇ ਰਿਸ਼ਮ ਗਰਗ ਕੋਲੋ ਪੁਛਗਿਛ ਕਰ ਚੁੱਕੀ ਹੈ ਤੇ ਹੁਣ ਹੋਰ ਰਿਮਾਂਡ ਦੇਣ ਦਾ ਕੋਈ ਤੁਕ ਨਹੀਂ ਹੈ। ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਉਧਰ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਰਿਸ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਵਿਧਾਇਕ ਅਮਿਤ ਰਤਨ ਦੇ ਸਾਹਮਣੇ ਬਿਠਾ ਕੇ ਪੁਛਗਿਛ ਕੀਤੀ ਗਈ। ਵਿਧਾਇਕ ਅਮਿਤ ਰਤਨ, ਜਿਸਨੂੰ 22 ਫ਼ਰਵਰੀ ਦੀ ਦੇਰ ਰਾਤ ਰਾਜਪੁਰਾ ਕੋਲੋ ਗ੍ਰਿਫਤਾਰ ਕੀਤਾ ਗਿਆ ਸੀ, ਵਿਜੀਲੈਂਸ ਕੋਲ 27 ਫ਼ਰਵਰੀ ਤੱਕ ਰਿਮਾਂਡ ’ਤੇ ਹਨ।
ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ ਨੂੰ ਅਦਾਲਤ ਨੇ ਜੇਲ੍ਹ ਭੇਜਿਆ
10 Views