ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਦੇ ਹੋਏ ਅੱਜ ਸ਼ਹਿਰ ਬਠਿੰਡਾ ਦੇ ਵੱਖ ਵੱਖ ਮੁਹੱਲਾ ਅਮਰਪੁਰਾ ਬਸਤੀ ,ਮਹਿਣਾ ਚੌਂਕ,ਚੰਦਸਰ ਬਸਤੀ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਵੱਲੋਂ ਪੰਜ ਸਾਲ ਵਿੱਚ ਕਰਵਾਏ ਸ਼ਹਿਰ ਦੇ ਰਿਕਾਰਡ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦਾ ਦੌਰਾ ਵੀ ਕੀਤਾ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ।ਇਸ ਮੌਕੇ ਉਨ੍ਹਾਂ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਰਾਹਤ ਦੇਣ ਲਈ ਹਰ ਯਤਨ ਕੀਤੇ ਗਏ ਹਨ ਅਤੇ ਦੂਸਰੀ ਵਾਰ ਸਰਕਾਰ ਬਣਨ ਤੇ ਵਪਾਰੀਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 13 ਕਰੋੜ ਦੀ ਲਾਗਤ ਨਾਲ ਦਾਣਾ ਮੰਡੀ,ਸਬਜੀ ਮੰਡੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਿਸ ਕਰਕੇ ਵਪਾਰੀਆਂ ਵਿੱਚ ਖੁਸੀ ਦੀ ਲਹਿਰ ਹੈ। ਵਿੱਤ ਮੰਤਰੀ ਪੰਜਾਬ ਦਾ ਜਗ੍ਹਾ ਜਗ੍ਹਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਉਨ੍ਹਾਂ ਵੱਲੋਂ ਸ਼ਹਿਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ, ਗ਼ਰੀਬ ਅਤੇ ਲੋੜਵੰਦਾਂ ਲਈ ਰਾਸ਼ਨ ਆਟਾ, ਪੀਡਤ ਮਰੀਜਾਂ ਲਈ ਦਵਾਈਆਂ ਅਤੇ ਆਕਸੀਜਨ ਦੇ ਪ੍ਰਬੰਧ ਕਰਨ ਦੇ ਨਾਲ ਵੱਖਰੇ ਮੁਫਤ ਕੋਵਿਡ ਸੈਂਟਰ ਖੋਲ੍ਹ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਬਠਿੰਡਾ ਪਰਿਵਾਰ ਨੂੰ ਖੁਸ਼ਹਾਲ ਅਤੇ ਤਰੱਕੀ ਵੱਲ ਵਧਦਾ ਦੇਖਣਾ ਹੈ ਜਿਸ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਬਠਿੰਡਾ ਸ਼ਹਿਰ ਦੀ ਵਿਕਾਸ ਲਹਿਰ ਨਿਰੰਤਰ ਜਾਰੀ ਰਹਿ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
Share the post "ਵਿੱਤ ਮੰਤਰੀ ਨੇ ਸਬਜੀ ਮੰਡੀ ਅਤੇ ਦਾਣਾ ਮੰਡੀ ਦੇ ਵਪਾਰੀਆਂ ਤੋਂ ਚੋਣਾਂ ਲਈ ਮੰਗਿਆ ਸਹਿਯੋਗ"