201 Views
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਪੂਰਬੀ ਮੰਡਲ ਭਾਜਪਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਦੇ ਤਹਿਤ ਗੁਰੂ ਕਾਸ਼ੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਾਜਪਾ ਆਗੂ ਵੀਨੂੰ ਗੋਇਲ ਵੱਲੋਂ ‘ਵੋਕਲ ਫਾਰ ਲੋਕਲ’ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਉਕਤ ਪ੍ਰੋਗ੍ਰਾਮ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵੀਨੂੰ ਗੋਇਲ ਨੇ ਕਿਹਾ ਕਿ ਸਵਦੇਸ਼ੀ ਨੂੰ ਅਪਣਾਓ ਅਤੇ ਸਿਰਫ ਆਪਣੀਆਂ ਸਥਾਨਕ ਚੀਜ਼ਾਂ ਹੀ ਖਰੀਦੋ। ਇਹ ਆਦਤ ਦੇਸ਼ ਵਾਸੀਆਂ ਨੂੰ ਪਾਉਣੀ ਪਵੇਗੀ, ਤਾਂ ਜੋ ਸਥਾਨਕ ਲੋਕਾਂ, ਜੋ ਕਿ ਸਵੈ-ਰੁਜ਼ਗਾਰ ਕਰ ਰਹੇ ਹਨ, ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਚੰਗੀ ਆਮਦਨ ਹੋਵੇਗੀ ਅਤੇ ਉਨ੍ਹਾਂ ਦਾ ਪਰਿਵਾਰ ਸਮਰੱਥ ਹੋਵੇਗਾ ਅਤੇ ਜੇਕਰ ਪਰਿਵਾਰ ਸਮਰੱਥ ਹੋਵੇਗਾ ਤਾਂ ਸਮਾਜਿਕ ਅਤੇ ਆਰਥਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਦੇਸ਼ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਵੋਕਲ ਫਾਰ ਲੋਕਲ ਨਾਲ ਦੇਸ਼ ਵਿੱਚ ਆਤਮ ਨਿਰਭਰਤਾ ਵਧੇਗੀ ਅਤੇ ਦੇਸ਼ ਤਰੱਕੀ ਕਰੇਗਾ। ਇਸ ਦੌਰਾਨ ਮੰਡਲ ਪ੍ਰਧਾਨ ਨਰੇਸ਼ ਮਹਿਤਾ ਅਤੇ ਜਸਵੀਰ ਸਿੰਘ ਮਹਿਰਾਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਕਿਹਾ ਕਿ ਵੋਕਲ ਫਾਰ ਲੋਕਲ ਤਹਿਤ ਅਸੀਂ ਆਪਣੇ ਘਰ ਦੀ ਖਾਲੀ ਥਾਂ ‘ਤੇ ਬਾਗਬਾਨੀ ਵੀ ਕਰ ਸਕਦੇ ਹਾਂ ਅਤੇ ਸਬਜ਼ੀਆਂ ਵੀ ਲਗਾ ਸਕਦੇ ਹਾਂ, ਜਿਸ ਨਾਲ ਚੰਗੀ ਆਮਦਨ ਹੋਵੇਗੀ ਅਤੇ ਬਿਨਾਂ ਕੀਟਨਾਸ਼ਕਾਂ ਤੋਂ ਆਰਗੈਨਿਕ ਸਬਜ਼ੀਆਂ ਮਿਲਣਗੀਆਂ ਅਤੇ ਨਿਰੋਏ ਸਮਾਜ ਦੀ ਸਿਰਜਣਾ ਹੋਵੇਗੀ। ਇਸ ਦੌਰਾਨ ਪ੍ਰਿੰਸੀਪਲ ਮਨਜੀਤ ਕੌਰ, ਅਨੂੰ ਖੁਰਮੀ, ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।