ਸੁਖਜਿੰਦਰ ਮਾਨ
ਚੰਡੀਗੜ੍ਹ, 9 ਮਾਰਚ: ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਚੋਣ ਹਲਕਿਆਂ ਲਈ 20 ਫਰਵਰੀ, 2022 ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ 10 ਮਾਰਚ, 2022 ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 66 ਸਥਾਨਾਂ ਉੱਤੇ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।ਸੀ.ਈ.ਓ. ਨੇ ਦੱਸਿਆ ਕਿ ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਗੇ।
ਡਾ. ਰਾਜੂ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਊਂਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਗਿਣਤੀ ਕੇਂਦਰਾਂ ਵਿੱਚ ਜਾਣ ਲਈ 3562 ਪੱਤਰਕਾਰਾਂ ਨੂੰ ਸ਼ਨਾਖ਼ਤੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਵਿੱਚ ਮਿੱਥੀ ਹੋਈ ਹੱਦ ਤੱਕ ਜਾ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿੱਲ ਕੈਮਰਾ ਲਿਜਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਵੀਡੀਓ ਅਤੇ ਸਟਿੱਲ ਕੈਮਰਾ ਪੱਕੇ ਤੌਰ `ਤੇ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ।ਭਾਰਤ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਪੱਤਰਕਾਰ ਰਿਟਰਨਿੰਗ ਅਫ਼ਸਰ ਦੁਆਰਾ ਨਿਰਧਾਰਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਅਤੇ ਵੀਡੀਓ ਬਣਾ ਸਕਣਗੇ।
ਸੀ.ਈ.ਓ. ਨੇ ਦੱਸਿਆ ਕਿ ਕਾਊਂਟਿੰਗ ਸਥਾਨ ਦੇ 100 ਮੀਟਰ ਦੇ ਦਾਇਰੇ ਨੂੰ `ਪੈਡਸਟੇਰੀਅਨ ਜ਼ੋਨ` ਐਲਾਨਿਆ ਗਿਆ ਹੈ ਜਿਸ ਦੇ ਚੱਲਦੇ ਇਸ ਖੇਤਰ ਤੋਂ ਅੱਗੇ ਕਿਸੇ ਵੀ ਵਿਅਕਤੀ ਨੂੰ ਗੱਡੀ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ।ਇਸ ਦੇ ਨਾਲ ਹੀ ਗਿਣਤੀ ਕੇਂਦਰਾਂ ਦੇ ਬਾਹਰ ਤਿੰਨ ਪਰਤੀ ਕੌਡਨਿੰਗ ਸਿਸਟਮ ਲਗਾਇਆ ਗਿਆ ਹੈ ਤਾਂ ਜੋ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰ ਵਿੱਚ ਜਾਣ ਤੋਂ ਰੋਕਿਆ ਜਾ ਸਕੇ।ਪਹਿਲਾ ਕੌਡਨਿੰਗ ਪੁਆਇੰਟ 100 ਮੀਟਰ ਦਾਇਰੇ ਦੀ ਸ਼ੁਰੂਆਤ ਵਿੱਚ ਸਥਾਪਿਤ ਕੀਤਾ ਗਿਆ ਹੈ ਜਿੱਥੇ ਸੀਨੀਅਰ ਮੈਜਿਸਟ੍ਰੇਟ ਜ਼ਰੂਰਤ ਅਨੁਸਾਰ ਪੁਲਿਸ ਫੋਰਸ ਨਾਲ ਤਾਇਨਾਤ ਰਹਿਣਗੇ ਅਤੇ ਭੀੜ ਨੂੰ ਕੰਟਰੋਲ ਕਰਨਗੇ। ਦੂਸਰਾ ਕੌਡਨਿੰਗ ਸਿਸਟਮ ਕਾਉਂਟਿੰਗ ਸਥਾਨ ਦੇ ਗੇਟ `ਤੇ ਹੋਵੇਗਾ ਜਿੱਥੇ ਕਿ ਸਟੇਟ ਆਰਮਡ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਦਕਿ ਤੀਸਰਾ ਕੌਡਨਿੰਗ ਸਿਸਟਮ ਕਾਉਂਟਿੰਗ ਹਾਲ ਦੇ ਦਰਵਾਜ਼ੇ `ਤੇ ਸਥਾਪਤ ਕੀਤਾ ਗਿਆ ਹੈ ਜਿਸਦੀ ਸੁਰੱਖਿਆ ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਹਵਾਲੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ 14 ਕਾਉਂਟਿੰਗ ਟੇਬਲ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਵਿਸ ਵੋਟਰਾਂ ਨੂੰ ਜਾਰੀ ਈ.ਟੀ.ਪੀ.ਬੀ. ਅਤੇ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ ਅਤੇ ਈ.ਸੀ.ਆਈ. ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਬੈਲਟ ਪੇਪਰਾਂ ਦੀ ਗਿਣਤੀ ਲਈ ਵੱਖਰੇ ਤੌਰ `ਤੇ ਟੇਬਲ ਲਗਾਏ ਜਾਣਗੇ।
ਡਾ. ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਜ਼ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਗਿਣਤੀ ਕੇਂਦਰ ਦੇ ਬਾਹਰ ਲੋਕਾਂ ਦੇ ਇਕੱਤਰ ਹੋਣ `ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਉਮੀਦਵਾਰ ਜਾਂ ਉਸਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫਿਕੇਟ ਹਾਸਲ ਕਰ ਸਕਦਾ ਹੈ।ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵੱਲੋਂ ਜਲੂਸ ਕੱਢਣ `ਤੇ ਵੀ ਮਨਾਹੀ ਹੈ।
ਸੀ.ਈ.ਓ. ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ ੀਵਵਬਤਯੇੇਮਮਮ।ਫਕਰਬਚਅਹ਼ਲ।ਪਰਡ।ਜਅ ਤੋਂ ਇਲਾਵਾ ੀਵਵਬਤਯੇੇਗਕਤਚ;ਵਤ।ਕਫਜ।ਪਰਡ।ਜਅ ਤੋਂ ਹਾਸਲ ਕੀਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਇਲ ਐਪ ਤੋਂ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਕਾਊਂਟਿੰਗ ਵਾਲੇ ਦਿਨ ਭਾਵ 10 ਮਾਰਚ, 2022 ਨੂੰ ਸਰਕਾਰ ਵੱਲੋਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ।
ਡਾ. ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਵਿਖੇ ਮੋਬਾਇਲ ਟੈਲੀਫੋਨ/ਆਈ ਪੈਡ, ਲੈਪਟਾਪ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦਾ ਬਿਜਲਈ ਯੰਤਰ ਜੋ ਕਿ ਆਵਾਜ਼ ਅਤੇ ਵੀਡੀਓ ਰਿਕਾਰਡ ਕਰ ਸਕਦਾ ਹੋਵੇ, ਨੂੰ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਹ ਮਨਾਹੀ ਹੁਕਮ ਕਮਿਸ਼ਨ ਵੱਲੋਂ ਲਗਾਏ ਗਏ ਆਬਜ਼ਰਵਰ `ਤੇ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਗਿਣਤੀ ਸਬੰਧੀ ਜਾਣਕਾਰੀ ਨੂੰ ਸਰਕਾਰੀ ਤੌਰ `ਤੇ ਐਨਕੋਰ ਸਾਫਟਵੇਅਰ `ਤੇ ਅਪਲੋਡ ਕਰਨ ਲਈ ਲੋੜੀਂਦੇ ਕੰਪਿਊਟਰ, ਲੈਪਟਾਪ ਜਾਂ ਮੋਬਾਇਲ ਯੰਤਰ ਲਿਜਾਉਣ ਦੀ ਆਗਿਆ ਹੋਵੇਗੀ।
ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ
8 Views