ਸੁਖਜਿੰਦਰ ਮਾਨ
ਅੰਮਿ੍ਰਤਸਰ, 6 ਮਾਰਚ: ਕੇਂਦਰੀ ਸਰਹੱਦੀ ਸੁਰੱਖਿਆ (ਬੀਐਸਐਫ਼ ) ਦੇ ਜ਼ਿਲ੍ਹਾ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਸਥਿਤ ਖਾਸਾ ਹੈੱਡਕੁਆਰਟਰ ਦੀ 144ਵੀਂ ਬਟਾਲੀਅਨ ਵਿਚ ਤੈਨਾਤ ਇੱਕ ਨੌਜਵਾਨ ਵਲੋਂ ਵੱਧ ਡਿਊਟੀ ਲੈਣ ਦੇ ਮਾਮਲੇ ਵਿਚ ਦੁਖੀ ਹੋ ਕੇ ਅਪਣੇ ਹੀ ਅੱਧੀ ਦਰਜ਼ਨ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਨੌਜਵਾਨ ਵਲੋਂ ਵੀ ਬਾਅਦ ਵਿਚ ਅਪਣੀ ਸਰਕਾਰੀ ਰਾਈਫ਼ਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਤੋਂ ਬਾਅਦ ਬੀਐਸਐਫ਼ ਕੈਂਪ ਵਿਚ ਦਹਿਸਤ ਦਾ ਮਾਹੌਲ ਹੈ ਤੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਬੀਐਸਐਫ਼ ਦੇ ਉਕਤ ਕੈਂਪਸ ਵਿਚ ਜਵਾਨ ਸਤੁੱਪਾ ਐੱਸ. ਕਿਲਰਾਗੀ ਕਥਿਤ ਤੌਰ ’ਤੇ ਦੂਜੇ ਜਵਾਨਾਂ ਦੇ ਮੁਕਾਬਲੇ ਵੱਧ ਡਿਊਟੀ ਲਏ ਜਾਣ ਤੋਂ ਤੰਗ ਚੱਲਿਆ ਆ ਰਿਹਾ ਸੀ। ਮੁਢਲੀ ਪੜਤਾਲ ਮੁਤਾਬਕ ਇਸੇ ਵਜ੍ਹਾਂ ਕਾਰਨ ਅੱਜ ਉਸਨੇ ਅਪਣੀ ਸਰਕਾਰੀ ਰਾਈਫ਼ਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੂੁਰੂ ਕਰ ਦਿੱਤੀਆਂ। ਜਿਸ ਵਿਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਤੇ ਕਈ ਜਖ਼ਮੀ ਹੋ ਗਏ। ਸੂਚਨਾ ਮੁਤਾਬਕ ਉਕਤ ਜਵਾਨ ਲਗਾਤਾਰ ਕੈਂਪ ‘ਚ ਫਾਇਰਿੰਗ ਕਰਦਾ ਹੋਇਆ ਭੱਜਦਾ ਰਿਹਾ ਤੇ ਇਸ ਦੌਰਾਨ ਰਸਤੇ ਵਿਚ ਉਸਨੂੰ ਇਕ ਬੀਐਸਐਫ ਦੇ ਅਫ਼ਸਰ ਦੀ ਗੱਡੀ ਮਿਲੀ, ਜਿਸ ਉਪਰ ਉਸਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਪ੍ਰੰਤੂ ਗੱਡੀ ਵਿਚ ਸਵਾਰ ਅਫ਼ਸਰ ਦੀ ਜਾਨ ਬਚ ਗਈ। ਇਸ ਦੌਰਾਨ ਉਸਨੇ ਹੈੱਡਕੁਆਰਟਰ ਵਿਚ ਸਥਿਤ ਹਸਪਤਾਲ ਦੇ ਨਜ਼ਦੀਕ ਜਾ ਕੇ ਆਪਣੇ-ਆਪ ਨੂੰ ਵੀ ਗੋਲੀਆਂ ਮਾਰ ਲਈਆਂ, ਜਿਸਦੇ ਚੱਲਦੇ ਉਸਦੀ ਵੀ ਮੌਤ ਹੋ ਗਈ। ਉਧਰ ਮੁਢਲੀ ਸੂਚਨਾ ਮੁਤਾਬਕ ਬਾਕੀ ਮਿ੍ਰਤਕਾਂ ਵਿਚ ਹੈੱਡ ਕਾਂਸਟੇਬਲ ਡੀਐੱਸ ਤੋਰਸਕਰ, ਹੈੱਡ ਕਾਂਸਟੇਬਲ ਬਲਜਿੰਦਰ ਕੁਮਾਰ ਅਤੇ ਸੀਟੀ ਰਤਨ ਚੰਦ ਤੇ ਹੈੱਡ ਕਾਂਸਟੇਬਲ ਰਾਮਵਿਨੋਧ ਸਿੰਘ ਦੇ ਨਾਮ ਸ਼ਾਮਲ ਹਨ। ਇਸਤੋਂ ਇਲਾਵਾ ਕੁੱਝ ਜਵਾਨ ਹਸਪਤਾਲ ਵਿਚ ਦਾਖ਼ਲ ਹਨ। ਕੇਂਦਰੀ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਕਸ
ਅੰਮਿ੍ਰਤਸਰ: ਉਧਰ ਇਸ ਦੌਰਾਨ ਇੱਕ ਜਵਾਨ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦੀ ਵੀ ਸੂਚਨਾ ਮਿਲੀ ਹੈ। ਮਿ੍ਰਤਕ ਦੀ ਪਹਿਚਾਣ ਸਿਪਾਹੀ ਅਕਸ਼ੈ ਸਿਧਾਰ ਵਾਸੀ ਨਰੇਸ਼ਨਗਰ ਰਾਇਗੜ ਦੇ ਤੌਰ ’ਤੇ ਹੋਈ, ਜਿਸਨੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕ ਵਲੋਂ ਚੁੱਕੇ ਇਸ ਕਦਮ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Share the post "ਵੱਧ ਡਿਊਟੀ ਤੋਂ ਦੁਖ਼ੀ ਬੀਐਸਐਫ਼ ਜਵਾਨ ਨੇ ਅੱਧੀ ਦਰਜ਼ਨ ਦੇ ਕਰੀਬ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਿਆਂ"