ਡੀਪੀਆਈ ਸੈਕੰਡਰੀ ਪੰਜਾਬ ਵੱਲੋਂ ਲਾਰੇ ਲੱਪੇ ਨਾਲ ਸਮਾਂ ਟਪਾਉਣ ਦੀ ਕੀਤੀ ਨਿਖੇਧੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਪੰਜਾਬ ਵਿੱਚ ਜਿਨ੍ਹਾਂ ਸਕੂਲਾਂ ਦੇ ਪਿ੍ਰੰਸੀਪਲਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਹੋਣ ਕਰਕੇ ਪਿ੍ਰੰਸਿਪਲਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ ਪੰਜਾਬ ਵਿਚ ਅਜਿਹੇ ਸਰਕਾਰੀ ਸਕੂਲਾਂ ਦੇ ਹਜਾਰਾਂ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਦੀ ਆਰਥਿਕ ਹਲਾਤ ਡਾਵਾਂਡੋਲ ਹੋ ਗਈ ਹੈ । ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸਕੱਤਰ ਸਰਵਣ ਸਿੰਘ ਔਜਲਾ ਅਤੇ ਸਮੁੱਚੀ ਸੂਬਾ ਕਮੇਟੀ ਵੱਲੋਂ ਡੀ.ਪੀ. ਆਈ. ਸੈਕੰਡਰੀ ਸਿੱਖਿਆ ਪੰਜਾਬ ਨਾਲ ਪਿ੍ਰੰਸੀਪਲਾਂ ਦੀ ਬਦਲੀ ਕਾਰਨ ਖਾਲੀ ਹੋਈਆਂ ਅਸਾਮੀਆਂ ਦੀਆਂ ਪਾਵਰਾਂ ਨੇੜ ਵਾਲੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲਾਂ ਨੂੰ ਦੇ ਕੇ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ ।ਇਨ੍ਹਾਂ ਮੀਟਿੰਗਾਂ ਵਿੱਚ ਸਿੱਖਿਆ ਅਧਿਕਾਰੀ ਵੱਲੋਂ ਹਰ ਵਾਰ ਟਾਲ ਮਟੋਲ ਦੀ ਨੀਤੀ ਅਪਣਾ ਕੇ ਇਸ ਮਾਮਲੇ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ ।ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਸਰਕਾਰ ਬਦਲ ਗਈ ਹੈ ਪਰ ਸਰਕਾਰ ਦੀਆਂ ਨੀਤੀਆਂ ਨਹੀਂ ਬਦਲੀਆਂ ।ਇਸ ਤੋਂ ਪਹਿਲਾਂ 2012ਵਿਚ ਅਤੇ 2017 ਵਿਚ ਸਰਕਾਰਾਂ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਬਾਰੇ ਕੋਈ ਪੱਕੀ ਨੀਤੀ ਨਹੀਂ ਬਣਾਈ ਗਈ । ਜਿਸ ਕਾਰਨ ਅਧਿਆਪਕਾਂ ਨੂੰ ਪੂਰੀ ਮਿਹਨਤ ਲਗਨ ਨਾਲ ਆਪਣੀ ਡਿਓਟੀ ਨਿਭਾਉਣ ਦੇ ਬਾਵਯੂਦ ਵੀ ਸਮੇਂ ਸਿਰ ਤਨਖਾਹਾਂ ਪ੍ਰਾਪਤ ਕਰਨ ਲਈ ਸੰਘਰਸ ਕਰਨਾ ਪੈਂਦਾ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਦੀਆਂ ਡਿਉਟੀਆਂ ਘਟਾਉਣ ਲਈ ਐਲਾਨ ਕਰਕੇ ਅਧਿਆਪਕਾਂ ਦੇ ਮਾਣ ਸਨਮਾਨ ਬਹਾਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਹਕੀਕੀ ਹਾਲਤ ਇਸ ਤੋਂ ਉਲਟ ਹੈ ।ਸਕੂਲਾਂ ਵਿੱਚ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਸਾਰੇ ਕੰਮ ਉਸੇ ਤਰ੍ਹਾਂ ਲਏ ਜਾ ਰਹੇ ਹਨ ।ਜਦੋਂ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਾਮਲਾ ਆਉਂਦਾ ਹੈ ਤਾਂ ਇਸ ਉਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਮਾਮਲੇ ਨੂੰ ਅਣਗੌਲਿਆ ਕੀਤਾ ਹੋਇਆ ਹੈ ।ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦੇ ਹਨ ਕਿ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ ਪਿ੍ਰੰਸੀਪਲਾਂ ਬਦਲੀ ਕਾਰਨ ਅਸਾਮੀਆਂ ਖਾਲੀ ਹੋਣ ਵਾਲੇ ਸਕੂਲਾਂ ਦੀਆ ਡੀ ਡੀ ਪਾਵਰਾਂ ਅਜੇ ਤੱਕ ਨੇੜਲੇ ਸਕੂਲਾਂ ਨੂੰ ਨਾ ਦੇ ਕੇ ਅਧਿਆਪਕਾਂ ਨੂੰ ਜਾਣ ਬੁੱਝ ਕੇ ਤਨਖਾਹਾਂ ਤੋਂ ਵਾਂਝੇ ਰੱਖਣ ਦੇ ਮਾਮਲੇ ਦੀ ਪੜਤਾਲ ਕਰਵਾਉਣੀ ਦੀ ਮੰਗ ਕਰਦਿਆਂ ਤੁਰੰਤ ਨੇੜਲੇ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਡੀ ਡੀ ਪਾਵਰਾਂ ਦੇ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਅਧਿਆਪਕਾਂ ਦੀਆ ਤਨਖਾਹਾਂ ਮਿਤੀ ਬੱਧ ਕਰਕੇ ਜਾਰੀ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕਰੇ । ਡੀ ਟੀ ਐੱਫ ਅਤੇ ਸੰਯੁਕਤ ਅਧਿਆਪਕ ਫਰੰਟ ਪੰਜਾਬ ਵਿੱਚ ਸ਼ਾਮਲ ਅਧਿਆਪਕ ਜਥੇਬੰਦੀਆਂ ਵੱਲੋਂ 13 ਅਤੇ 14 ਜੂਨ ਨੂੰ ਪੂਰੇ ਜ਼ਿਲ੍ਹਾ ਦੇ ਹੈੱਡ ਕੁਆਰਟਰਾਂ ਉੱਪਰ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਡੀ ਡੀ ਪਾਵਰਾਂ ਸਮੇਤ ਹੋਰ ਅਧਿਆਪਕ ਮਸਲਿਆਂ ਸਬੰਧੀ ਮੰਗ ਪੱਤਰ ਦਿੱਤੇ ਜਾਣ ਫੈਸਲਾ ਕੀਤਾ ਹੋਇਆ ਹੈ ।ਬਠਿੰਡਾ ਜ਼ਿਲ੍ਹੇ ਵਿੱਚ ਸੰਯੁਕਤ ਅਧਿਆਪਕ ਫਰੰਟ ਪੰਜਾਬ ਵਿੱਚ ਸ਼ਾਮਲ ਸਮੂਹ ਜੱਥੇ ਬੰਦੀਆ ਵੱਲੋਂ 14 ਜੂਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ।
Share the post "ਸਰਕਾਰ ਬਦਲੀ ਪਰੰਤੂ ਅਧਿਆਪਕਾਂ ਦੀਆਂ ਤਨਖਾਹਾਂ ਲਟਕਾਉਣ ਦੀ ਨੀਤੀ ਨਹੀਂ ਬਦਲੀ: ਡੀ.ਟੀ.ਐਫ."