ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਗਸਤ: ਏਸ਼ੀਆ ਦੀਆਂ ਪ੍ਰਮੁੱਖ ਖੇਤੀਬਾੜੀ ਸਿੱਖਿਆ ਸੰਸਥਾਨਾਂ ’ਚ ਵਿਸ਼ੇਸ ਨਾਮਣਾ ਖੱਟਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਅੱਜ ਆਖ਼ਰਕਾਰ ਕਰੀਬ ਸਾਢੇ 13 ਮਹੀਨਿਆਂ ਬਾਅਦ ਨਵਾਂ ਉਪ ਕੁਲਪਤੀ ਮਿਲ ਗਿਆ ਹੈ। ਇਸਦਾ ਐਲਾਨ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਟਵੀਟ ਜਾਰੀ ਕਰਕੇ ਕੀਤਾ। ਸੂਚਨਾ ਮੁਤਾਬਕ ਅੱਜ ਚੰਡੀਗੜ੍ਹ ਵਿਖੇ ਹੋਈ ਪੀਏਯੂ ਬੋਰਡ ਦੀ ਮੀਟਿੰਗ ਵਿਚ ਉਘੇ ਖੇਤੀ ਵਿਦਵਾਨ ਡਾ: ਸਤਬੀਰ ਸਿੰਘ ਗੋਸਲ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ। ਇੱਥੇ ਦਸਣਾ ਬਣਦਾ ਹੈ ਕਿ ਨਵੇਂ ਨਿਯੁਕਤ ਕੀਤੇ ਗਏ ਉਪ ਕੁਲਪਤੀ ਡਾ.ਸਤਬੀਰ ਸਿੰਘ ਗੋਸਲ ਨਾ ਸਿਰਫ਼ ਪੀਏਯੂ ਦੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਬਲਕਿ ਸਾਬਕਾ ਨਿਰਦੇਸਕ ਖੋਜ , ਸਾਬਕਾ ਬਾਨੀ ਡਾਇਰੈਕਟਰ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਪੀਏਯੂ ਆਦਿ ਵੀ ਰਹਿ ਚੁੱਕੇ ਹਨ। ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੋਸਲ ਨੇ ਕਈ ਕਿਤਾਬਾਂ ਵੀ ਲਿਖੀਆਂ ਅਤੇ ਵੱਖ-ਵੱਖ ਪੁਰਸਕਾਰ ਅਤੇ ਸਨਮਾਨ ਹਾਸਲ ਕੀਤੇ ਹਨ। ਉਨ੍ਹਾਂ ਨੂੰ 20 ਤੋਂ ਵੱਧ ਫਸਲੀ ਪੌਦਿਆਂ ਲਈ ਟਿਸ਼ੂ ਕਲਚਰ ਵਿਧੀਆਂ ਵਿਕਸਿਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ, ਜਿਸ ਦੇ ਆਧਾਰ ‘ਤੇ ਪੰਜਾਬ ਵਿੱਚ ਕਈ ਵਪਾਰਕ ਟਿਸ਼ੂ ਕਲਚਰ ਯੂਨਿਟ ਸਥਾਪਿਤ ਕੀਤੇ ਗਏ ਹਨ।ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਪੰਜਾਬ ਦੀ ਇਸ ਵਕਾਰੀ ਯੂਨੀਵਰਸਿਟੀ ਦਾ ਉਪ ਕੁਲਪਤੀ ਨਾ ਹੋਣ ਕਾਰਨ ਖੋਜ ਅਤੇ ਹੋਰ ਕਈ ਮਹੱਤਵਪੂਰਨ ਕਾਰਜ਼ਾਂ ਨੂੰ ਨੇਪਰੇ ਚਾੜਣ ਵਿਚ ਰੁਕਾਵਟ ਬਣੀ ਹੋਈ ਸੀ। ਜਿਕਰਯੋਗ ਹੈ ਕਿ 30 ਜੂਨ 2021 ਨੂੰ ਬਲਦੇਵ ਸਿੰਘ ਢਿੱਲੋਂ ਦਾ ਉਪ ਕੁਲਪਤੀ ਵਜੋਂ ਕਾਰਜਕਾਲ ਖਤਮ ਹੋ ਗਿਆ ਸੀ। ਜਿਸਤੋਂ ਬਾਅਦ ਹੁਣ ਤੱਕ ਪ੍ਰਸਾਸਨਿਕ ਅਧਿਕਾਰੀਆਂ ਕੋਲ ਹੀ ਉਪ ਕੁਲਪਤੀ ਦਾ ਵਾਧੂ ਚਾਰਜ਼ ਚੱਲਿਆ ਆ ਰਿਹਾ ਸੀ।
Share the post "ਸਾਢੇ 13 ਮਹੀਨਿਆਂ ਬਾਅਦ ਪੀਏਯੂ ਨੂੰ ਮਿਲਿਆ ਨਵਾਂ ਉਪ ਕੁਲਪਤੀ, ਡਾ ਗੋਸਲ ਨੂੰ ਮਿਲੀ ਜਿੰਮੇਵਾਰੀ"