18 Views
ਕਾਗਰਸ ਹਾਈਕਮਾਂਡ ਨੇ ਬਣਾਇਆ ਰਾਜਸਥਾਨ ਕਾਗਰਸ ਦਾ ਇੰਚਰਾਜ
ਪੰਜਾਬੀ ਖਬਰਸਾਰ ਬਿਉਰੋ
ਗੁਰਦਾਸਪੁਰ, 6 ਦਸੰਬਰ: ਪੰਜਾਬ ਕਾਗਰਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਗਰਸ ਹਾਈਕਮਾਂਡ ਨੇ ਵੱਡੀ ਜਿੰਮੇਵਾਰੀ ਸੌਂਪੀ ਹੈ। ਕਾਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਰਜਨ ਖੜਗੇ ਨੇ ਸ: ਰੰਧਾਵਾ ਨੂੰ ਰਾਜਸਥਾਨ ਵਰਗੇ ਵੱਡੇ ਸੂਬੇ ਦਾ ਇੰਚਾਰਜ ਬਣਾਇਆ ਹੈ। ਰਾਜਸਥਾਨ ਵਿੱਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਕਾਗਰਸ ਪਾਰਟੀ ਸੱਤਾ ਵਿੱਚ ਹੈ ਤੇ ਮੌਜੂਦਾ ਸਮੇਂ ਮੁੱਖ ਮੰਤਰੀ ਅਸੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਸਿਆਸੀ ਸ਼ੀਤਜੰਗ ਚੱਲ ਰਹੀ ਹੈ। ਅਜਿਹੀ ਹਾਲਾਤ ਵਿੱਚ ਕਾਗਰਸ ਲਈ ਵਕਾਰੀ ਮੰਨੇ ਜਾ ਰਹੇ ਰਾਜਸਥਾਨ ਵਰਗੇ ਸਿਆਸੀ ਪੱਖ ਤੋਂ ਅਹਿਮ ਸੂਬੇ ਦੀ ਜਿੰਮੇਵਾਰੀ ਸ: ਰੰਧਾਵਾ ਨੂੰ ਮਿਲਣਾ, ਉਨ੍ਹਾਂ ਦੀ ਸਿਆਸੀ ਕਾਬਲੀਅਤ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਉਨ੍ਹਾਂ ਉਪਰ ਗਾਂਧੀ ਪ੍ਰਵਾਰ ਦੇ ਵਿਸਵਾਸ ਨੂੰ ਵੀ ਪ੍ਰਗਟਾਉਂਦਾ ਹੈ। ਜੇਕਰ ਇਸ ਸੂਬੇ ਵਿੱਚ ਸ: ਰੰਧਾਵਾ ਕਾਗਰਸ ਪਾਰਟੀ ਨੂੰ ਇਕਜੁਟ ਕਰਕੇ ਚੋਣਾਂ ਵਿੱਚ ਲਿਜਾਣ ‘ਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਦਾ ਸਿਆਸੀ ਕੱਦਬੁੱਤ ਹੋਰ ਵੀ ਵਧ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਕਸਾਲੀ ਕਾਗਰਸੀ ਪ੍ਰਵਾਰ ਵਿੱਚ ਜਨਮੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣਾ ਸਿਆਸੀ ਕੈਰੀਅਰ ਯੂਥ ਕਾਗਰਸ ਤੋਂ ਸੁਰੂ ਕੀਤਾ ਸੀ ਤੇ ਪਿਛਲੀ ਸਰਕਾਰ ਦੌਰਾਨ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਕਾਗਰਸ ਹਾਈਕਮਾਂਡ ਨੇ ਗੱਦਿਓ ਉਤਾਰਿਆ ਸੀ, ਤਾਂ ਉਸ ਸਮੇਂ ਵਿਧਾਇਕਾਂ ਵਲੋਂ ਸ: ਰੰਧਾਵਾ ਮੁੱਖ ਮੰਤਰੀ ਦੇ ਅਹੁੱਦੇ ਲਈ ਵੱਡੀ ਪਸੰਦ ਸਨ ਤੇ ਇਕ ਵਾਰ ਹਾਈਕਮਾਂਡ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਵੀ ਲੈ ਲਿਆ ਸੀ ਪਰ ਬਾਅਦ ਵਿੱਚ ਬੀਤੇ ਘਟਨਾਕ੍ਰਮਕਾਰਨ ਚਰਨਜੀਤ ਸਿੰਘ ਚੰਨੀ ਨੂੰ ਇਸ ਅਹੁੱਦੇ ਉਪਰ ਬਿਠਾ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਕਾਗਰਸ ਹਾਈਕਮਾਂਡ ਨੇ ਸ: ਰੰਧਾਵਾ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਬਣਾਉਣ ਦੇ ਨਾਲ ਨਾਲ ਗ੍ਰਹਿ ਵਿਭਾਗ ਦੀ ਵੀ ਜਿੰਮੇਵਾਰੀ ਦਿੱਤੀ ਸੀ ਪਰੰਤੂ ਉਨ੍ਹਾਂ ਹਾਈਕਮਾਂਡ ਵਲੋਂ ਮੁੱਖ ਮੰਤਰੀ ਨਾ ਬਣਾਉਣ ਦੇ ਫੈਸਲੇ ਉਪਰ ਕੋਈ ਗਿਲਾ ਨਹੀਂ ਕੀਤਾ ਸੀ। ਜਿਸਦੇ ਚੱਲਦੇ ਕਾਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਮੁੜ ਮਹੱਤਵਪੂਰਣ ਜਿੰਮੇਵਾਰੀ ਦੇ ਕੇ ਭਰੋਸਾ ਪ੍ਰਗਟਾਇਆ ਹੈ। ਦੱਸਣਾ ਬਣਦਾ ਹੈ ਕਿ ਤਿੰਨ ਵਾਰ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਮਹਰੂਮ ਸੰਤੋਖ ਸਿੰਘ ਰੰਧਾਵਾ ਵੀ ਕਾਗਰਸ ਦੇ ਟਕਸਾਲੀ ਆਗੂ ਸਨ, ਜਿਹੜੇ ਦੋ ਦਫ਼ਾ ਪੰਜਾਬ ਕਾਗਰਸ ਦੇ ਪ੍ਰਧਾਨ ਵੀ ਰਹੇ ਸਨ। ਉਧਰ ਵੱਡੀ ਜਿੰਮੇਵਾਰੀ ਦੇਣ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਪਾਰਟੀ ਹਾਈਕਮਾਂਡ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।
Share the post "ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਗਰਸ ‘ਚ ਮਿਲੀ ਵੱਡੀ ਜਿੰਮੇਵਾਰੀ "