5 Views
- ਚੋਣ ਜਾਬਤੇ ਤੋਂ ਪਹਿਲਾਂ ਕਣਕ ਦੀ ਢੋਆ-ਢੁਆਈ ਦੇ ਲਏ ਟੈਂਡਰ ਕੀਤੇ ਰੱਦ
ਟਰੱਕ ਯੂਨੀਅਨਾਂ ਦੇ ਏਕੇ ਦੇ ਚੱਲਦਿਆਂ ਬਠਿੰਡਾ, ਗਿੱਦੜਵਹਾ, ਮੋੜ ਆਦਿ ਵਿਚ ਨਵੇਂ ਲੱਗੇ ਟੈਂਡਰ
ਸੁਖਜਿੰਦਰ ਮਾਨ
ਬਠਿੰਡਾ, 15 ਅਪ੍ਰੈਲ: ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਦੇ ‘ਨਜਦੀਕੀ’ ਨੂੰ ਵੱਡਾ ਝਟਕਾ ਦਿੰਦਿਆਂ ਖੁਰਾਕ ਤੇ ਸਪਲਾਈ ਵਿਭਾਗ ਨੇ ਅੱਜ ਉਸਦੀ ‘ਜੇ.ਬੀ. ਕੰਟਰੈਕਟਰਜ਼’ ਨਾਂ ਦੀ ਫ਼ਰਮ ਨੂੰ ਬਲੈਕਲਿਸਟ ਕਰ ਦਿੱਤਾ ਹੈ। ਇਸ ਫ਼ਰਮ ਦੇ ਨਾਮ ’ਤੇ ਚੋਣ ਜਾਬਤੇ ਤੋਂ ਐਨ ਪਹਿਲਾਂ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਪੰਜ ਵੱਡੇ ਕਲੱਸਟਰਾਂ ਦੀ ਢੋਆ-ਢੁਆਈ ਦੇ ਟੈਂਡਰ ਲਏ ਗਏ ਸਨ। ਹਾਲਾਂਕਿ ਇਹ ਟੈਂਡਰ ਆਮ ਤੌਰ ’ਤੇ ਫ਼ਰਵਰੀ ਤੇ ਮਾਰਚ ਮਹੀਨੇ ਵਿਚ ਹੀ ਕਰਵਾਏ ਜਾਂਦੇ ਹਨ। ਉਸ ਸਮੇਂ ਹੀ ਵੱਖ ਵੱਖ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਸਮੇਂ ਤੋਂ ਪਹਿਲਾਂ ਟੈਂਡਰ ਦੇਣ ਦੇ ਮਾਮਲੇ ਵਿਚ ਤਤਕਾਲੀ ਕਾਂਗਰਸ ਸਰਕਾਰ ਉਪਰ ਉਗਲ ਚੁੱਕੀ ਸੀ ਪ੍ਰੰਤੂ ਸਰਕਾਰ ਹੋਣ ਕਾਰਨ ਉਨ੍ਹਾਂ ਦੀ ਅਵਾਜ਼ ਰੁਲ ਗਈ ਸੀ। ਹੁਣ ਜਦ ਸੂਬੇ ਵਿਚ ਉਕਤ ਮੰਤਰੀ ਸਹਿਤ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਤਾਂ ਪਹਿਲਾਂ ਹੀ ਬਹੁਤ ਔਖੇ ਸਮੇਂ ’ਚ ਗੁਜ਼ਰ ਰਹੇ ਇੰਨ੍ਹਾਂ ਟਰੱਕ ਅਪਰੇਟਰਾਂ ਨੇ ਮੁੜ ਰੌਲਾ ਪਾਇਆ ਸੀ। ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ‘‘ ਉਕਤ ਫ਼ਰਮ ਵਲੋਂ ਟਰੱਕ ਮੁਹੱਈਆਂ ਨਾ ਕਰਵਾਏ ਜਾ ਸਕਣ ਕਾਰਨ ਟੈਂਡਰ ਰੱਦ ਕਰਕੇ ਸਕਿਊਰਟੀ ਨੂੰ ਜਬਤ ਕਰ ਦਿੱਤਾ ਗਿਆ ਹੈ। ’’ ਉਨ੍ਹਾਂ ਇਹ ਵੀ ਦਸਿਆ ਕਿ ਹੁਣ ਇਸ ਫ਼ਰਮ ਨੂੰ ਦੋ ਸਾਲਾਂ ਲਈ ਬਲੈਕਲਿਸਟ ਕੀਤਾ ਗਿਆ ਹੈ। ਗੌਰਤਲਬ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਵੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਹ ਮੁੱਦਾ ਚੁੱਕਦਿਆਂ ਤਤਕਾਲੀ ਇੱਕ ਪ੍ਰਭਾਵਸ਼ਾਲੀ ਮੰਤਰੀ ਦੇ ਰਿਸ਼ਤੇਦਾਰ ਵੱਲ ਸਪੱਸ਼ਟ ਇਸ਼ਾਰਾ ਕੀਤਾ ਸੀ ਕਿ ਉਸਨੇ ਅਪਣੇ ਡਰਾਈਵਰ ਦੇ ਨਾਂ ਉਪਰ ਇਹ ਟੈਂਡਰ ਲੈ ਕੇ ਹਜ਼ਾਰਾਂ ਗਰੀਬ ਟਰੱਕ ਅਪਰੇਟਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਟਰੱਕ ਅਪਰੇਟਰਾਂ ਨੇ ਵੀ ਦੱਬੀ ਜੁਬਾਨ ਵਿਚ ਦੋਸ਼ ਲਗਾਏ ਸਨ ਕਿ ਫੁੱਲ ਰੇਟ ਉਪਰ ਉਕਤ ਫ਼ਰਮ ਦੇ ਨਾਂ ‘ਤੇ ਟੈਂਡਰ ਲੈ ਕੇ ਟਰੱਕ ਅਪਰੇਟਰਾਂ ਨੂੰ ਅੱਗੇ ਕਾਫ਼ੀ ਘੱਟ ਰੇਟ ਦਿੱਤੇ ਗਏ ਸਨ। ਜਿਸ ਕਾਰਨ ਪਹਿਲਾਂ ਹੀ ਤੇਲ ਤੇ ਹੋਰ ਕੀਮਤਾਂ ਵਧਣ ਕਾਰਨ ਖ਼ਤਮ ਹੋਣ ਦੇ ਕੰਡੇ ’ਤੇ ਪੁੱਜੀ ਟਰੱਕ ਸਨਅਤ ਨੂੰ ਵੱਡਾ ਘਾਟਾ ਪਿਆ ਸੀ। ਪ੍ਰੰਤੂ ਉਸ ਸਮੇਂ ਖੁਦ ਨੂੰ ਟਰੱਕ ਅਰਪੇਟਰਾਂ ਦੇ ਹਿੱਤਾ ਦਾ ਵੱਡਾ ਪਹਿਰੇਦਾਰ ਦੱਸਣ ਵਾਲੇ ਇਕ ਜ਼ਿਲ੍ਹਾ ਪੱਧਰੀ ਟਰੱਕ ਯੂਨੀਅਨ ਦੇ ਅਹੁੱਦੇਦਾਰ ਨੇ ਮੰਤਰੀ ਦੇ ਉਕਤ ਰਿਸ਼ਤੇਦਾਰ ਦੇ ਹੱਕ ਵਿਚ ਖੜਦਿਆਂ ਇਸ ਫ਼ਰਮ ਨੂੰ ਟਰੱਕ ਅਰਪੇਟਰਾਂ ਲਈ ਵਰਦਾਨ ਦਸਿਆ ਸੀ। ਜਿਸਦਾ ਵੱਡੀ ਪੱਧਰ ’ਤੇ ਟਰੱਕ ਅਪਰੇਟਰਾਂ ਨੇ ਵਿਰੋਧ ਵੀ ਕੀਤਾ ਸੀ। ਸੂਚਨਾ ਮੁਤਾਬਕ ਜਨਵਰੀ ਦੀ ਸ਼ੁਰੂਆਤ ’ਚ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਕਰਵਾਏ ਟੈਂਡਰਾਂ ਵਿਚ ਉਕਤ ਜੇਬੀ ਕੰਟਰੈਕਟਰਜ਼ ਫਰਮ ਨੂੰ ਬਠਿੰਡਾ 2, ਬਠਿੰਡਾ 3, ਮੋੜ ਮੰਡੀ, ਗਿੱਦੜਵਹਾ ਅਤੇ ਕਿੱਲਿਆਵਾਲੀ ਮੰਡੀ ਦੇ ਖੇਤਰ ’ਚ 112 ਤੋਂ ਲੈ ਕੇ 117 ਫ਼ੀਸਦੀ ਰੇਟ ’ਤੇ ਕਣਕ ਦੀ ਢੋਆ-ਢੁਆਈ ਦਾ ਟੈਂਡਰ ਅਲਾਟ ਕੀਤਾ ਸੀ। ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਉਕਤ ਫਰਮ ਵੱਲੋਂ ਟੈਂਡਰ ਤਾਂ ਲਏ ਗਏ ਸਨ ਪ੍ਰੰਤੂ ਕਣਕ ਦਾ ਸੀਜ਼ਨ ਪੂਰੇ ਜੋਬਨ ’ਤੇ ਹੋਣ ਦੇ ਬਾਵਜੂਦ ਟਰੱਕ ਨਹੀਂ ਮੁਹੱਈਆ ਕਰਵਾਏ ਜਾ ਰਹੇ ਸਨ। ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਉਕਤ ਮੰਡੀਆਂ ਦੀਆਂ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਇਕਜੁਟ ਹੁੰਦਿਆਂ ਐਲਾਨ ਕਰ ਦਿੱਤਾ ਸੀ ਕਿ ਉਹ ਗਰੀਬਾਂ ਦਾ ਹੱਕ ਖਾਣ ਵਾਲੀ ਇਸ ਫ਼ਰਮ ਨੂੰ ਕਿਸੇ ਵੀ ਕੀਮਤ ’ਤੇ ਟਰੱਕ ਮੁਹੱਈਆਂ ਨਹੀਂ ਕਰਵਾਉਣਗੇ, ਕਿਉਂਕਿ ਇਸ ਫ਼ਰਮ ਵਲੋਂ ਫੁੱਲ ਰੇਟਾਂ ’ਤੇ ਟੈਂਡਰ ਲੈਣ ਦੇ ਬਾਵਜੂਦ ਅਪਰੇਟਰਾਂ ਨੂੰ ਬਹੁਤ ਘੱਟ ਕੀਮਤਾਂ ਦਿੱਤੀਆਂ ਜਾ ਰਹੀਆਂ ਸਨ। ਟਰੱਕ ਯੂਨੀਅਨ ਬਠਿੰਡਾ ਦੇ ਸੀਨੀਅਰ ਮੈਂਬਰ ਕੁਲਦੀਪ ਸਿੰਘ ਨੰਬਰਦਾਰ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਟਰੱਕ ਅਪਰੇਟਰਾਂ ਦੀ ਮੰਗ ’ਤੇ ਖੁਰਾਕ ਸਪਲਾਈ ਵਿਭਾਗ ਨੇ ਉਕਤ ਫ਼ਰਮ ਦੇ ਟੈਂਡਰ ਰੱਦ ਕਰਕੇ ਸਿੱਧਾ ਟਰੱਕ ਯੂਨੀਅਨਾਂ ਨੂੰ ਕੰਮ ਦੇਣ ਦਾ ਭਰੋਸਾ ਦਿੱਤਾ ਹੈ। ’’