ਕੀਤਾ ਦਾਅਵਾ, ਬਾਦਲਾਂ ਦੀ ਬਜਾਏ ਬਠਿੰਡਾ ਨੂੰ ਭਾਜਪਾ ਦਾ ਗੜ ਬਣਾਵਾਂਗੇ
ਸੁਖਜਿੰਦਰ ਮਾਨ
ਬਠਿੰਡਾ, 21 ਦਸੰਬਰ: ਭਾਰਤੀ ਜਨਤਾ ਪਾਰਟੀ ਵਲੋਂ ਅੱਜ ਬਾਅਦ ਦੁਪਿਹਰ ਜ਼ਿਲ੍ਹਾ ਪ੍ਰਧਾਨਾਂ ਦੇ ਕੀਤੇ ਐਲਾਨ ਵਿਚ ਬਠਿੰਡਾ ਜ਼ਿਲ੍ਹਾ ਸ਼ਹਿਰੀ ਦੀ ਜਿੰਮੇਵਾਰੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਦਿੱਤੀ ਗਈ ਹੈ। ਤਿੰਨ ਦਫ਼ਾ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜ ਚੁੱਕੇ ਸ਼੍ਰੀ ਸਿੰਗਲਾ ਅਕਾਲੀ ਸਰਕਾਰ ਦੌਰਾਨ ਮੁੱਖ ਪਾਰਲੀਮਾਨੀ ਸਕੱਤਰ ਵੀ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨਾਂ ਬਾਅਦ ਹੀ ਉਹ ਅਕਾਲੀ ਦਲ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਉਪਰ ਵੱਡਾ ਭਰੋਸਾ ਜਤਾਉਂਦਿਆਂ ਇਹ ਨਵੀਂ ਜਿੰਮੇਵਾਰੀ ਦਿੱਤੀ ਹੈ। ਅਪਣੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰੂੁਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਠਿੰਡਾ ਬਾਦਲਾਂ ਦੀ ਬਜਾਏ ਭਾਜਪਾ ਦਾ ਗੜ ਹੋਵੇਗਾ। ਉਨ੍ਹਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਹਰੇਕ ਭਾਜਪਾ ਵਰਕਰ ਤੇ ਆਗੂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ.ਪੀ.ਨੱਢਾ ਅਤੇ ਪੰਜਾਬ ਪ੍ਰਧਾਨ ਅਸਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇੱਕ ਮਜਬੂਤ ਸ਼ਕਤੀ ਬਣਾਉਣਗੇ। ਇਸ ਮੌਕੇ ਉਨ੍ਹਾਂ ਦੀ ਨਿਯੁਕਤੀ ’ਤੇ ਖ਼ੁਸੀ ਜਾਹਰ ਕਰਦਿਆਂ ਭਾਜਪਾ ਦੇ ਸੂਬਾਈ ਮੀਡੀਆ ਕਨਵੀਨਰ ਸੁਨੀਲ ਸਿੰਗਲਾ, ਬਠਿੰਡਾ ਹਲਕੇ ਦੇ ਸੀਨੀਅਰ ਅਸੋਕ ਬਾਲਿਆਵਾਲੀ, ਉਮੇਸ਼ ਸ਼ਰਮਾ, ਸੰਦੀਪ ਸਰਮਾ ਆਦਿ ਸ਼ਹਿਤ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਨੇ ਵਧਾਈ ਦਿੱਤੀ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਬਣੇ ਭਾਜਪਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ
24 Views