ਹਜ਼ਾਰਾਂ ਹੰਝੂਆਂ ਭਰੀਆਂ ਅੱਖਾਂ ਨਾਲ ਜੱਦੀ ਖੇਤਾਂ ’ਚ ਕੀਤਾ ਅੰਤਿਮ ਸੰਸਕਾਰ
ਪੁੱਤਰ ਸੁਖਬੀਰ ਸਿੰਘ ਬਾਦਲ ਸਹਿਤ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਨੇ ਚਿਖ਼ਾ ਨੂੰ ਅਗਨੀ ਵਿਖਾਈ
ਪੰਜਾਬ ਦੇ ਰਾਜ਼ਪਾਲ ਤੇ ਮੁੱਖ ਮੰਤਰੀ ਵੀ ਰਹੇ ਵਿਸੇਸ ਤੌਰ ’ਤੇ ਹਾਜ਼ਰ
ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਹੋਏ ਸਨ ਸੁਰੱਖਿਆ ਦੇ ਭਾਰੀ ਪ੍ਰਬੰਧਾਂ
ਬਾਦਲ ਦੀ ਸੁਰੱਖਿਆ ’ਚ ਲੱਗੇ ਸੁਰੱਖਿਆ ਜਵਾਨਾਂ ਦੀਆਂ ਅੱਖਾਂ ਹੋਈਆਂ ਗਿੱਲੀਆਂ
ਸੁਖਜਿੰਦਰ ਮਾਨ
ਬਾਦਲ, 27 ਅਪ੍ਰੈਲ : ਪਿਛਲੇ ਸੱਤ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ’ਚ ਧਰੂ-ਤਾਰੇ ਵਾਂਗ ਵਿਚਰਦੇ ਆ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅੱਜ ਪੰਚ ਤੱਤਾਂ ’ਚ ਵਿਲੀਨ ਹੋ ਗਏ। ਬਾਦਲ ਪ੍ਰਵਾਰ ਦੇ ਜੱਦੀ ਖੇਤ ’ਚ ਲੱਗੇ ਕਿੰਨੂਆਂ ਦੇ ਬਾਗ ਵਾਲੀ ਜਗ੍ਹਾਂ ਖ਼ਾਲੀ ਕਰਕੇ ਬਣਾਈ ਵਿਸੇਸ ਜਗ੍ਹਾਂ ਵਿਚ ਹਜ਼ਾਰਾਂ ਨਮ ਅੱਖਾਂ ਦੀ ਹਾਜ਼ਰੀ ’ਚ ‘ਸਿਆਸਤ ਦੇ ਬਾਬਾ ਬੋਹੜ’ ਕਹੇ ਜਾਣ ਵਾਲੇ ਸ: ਬਾਦਲ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਤੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਵਲੋਂ ਵਿਖ਼ਾਈ ਗਈ। ਇਸ ਮੌਕੇ ਮਾਹੌਲ ਕਾਫ਼ੀ ਗਮਗੀਨ ਸੀ ਤੇ ਪ੍ਰਵਾਰਕ ਮੈਂਬਰਾਂ ਸਹਿਤ ਇਸ ਵੱਡੀ ਸਖ਼ਸੀਅਤ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਵਿਚ ਹੰਝੂ ਵਿਖਾਈ ਦੇ ਰਹੇ ਸਨ। ਇਸਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੁਰੱਖਿਆ ਦਸਤਿਆਂ ਦੇ ਜਵਾਨਾਂ ਵਲੋਂ ਹਥਿਆਰਾਂ ਨਾਲ ਸਾਬਕਾ ਮੁੱਖ ਮੰਤਰੀ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਕਈ ਸੂਬਿਆਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਕੇਂਦਰੀ ਵਜੀਰ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਸਹਿਤ ਵੱਡੀ ਗਿਣਤੀ ਵਿਚ ਦੇਸ ਦੇ ਕੋਨੇ-ਕੋਨੇ ਤੋਂ ਸਿਆਸੀ ਆਗੂ ਪੁੱਜੇ ਹੋਏ ਸਨ। ਹਜ਼ਾਰਾਂ ਲੋਕਾਂ ਦੇ ਇਕੱਠ ਅਤੇ ਵੀਆਈਪੀ ਦੀ ਆਮਦ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਪੱਧਰ ’ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਈ ਆਈ.ਜੀ., ਐਸ.ਐਸ.ਪੀ ਸਹਿਤ ਹਜ਼ਾਰਾਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਟਰੈਫ਼ਿਕ ਤੇ ਸੁਰੱਖਿਆ ਦੇ ਬੰਦੋਬਸਤ ਸੰਭਾਲ ਰਹੇ ਸਨ। ਇਸਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਘਰ ਵਿਖੇ ਰੱਖਿਆ ਗਿਆ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਅੰਤਿਮ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਸ: ਬਾਦਲ ਦੇ ਦਿਹਾਂਤ ਦੇ ਸੋਕ ਵਜੋਂ ਅੱਜ ਪਿੰਡ ਬਾਦਲ ਦੇ ਸਮੂਹ ਵਪਾਰਕ ਸੰਸਥਾਨ, ਦੁਕਾਨਾਂ ਅਤੇ ਹੋਰ ਸੰਸਥਾਵਾਂ ਦੇ ਦਰਵਾਜ਼ੇ ਬੰਦ ਰਹੇ। ਦਹਾਕਿਆਂ ਤੱਕ ਪੰਜਾਬ ਦੀ ਸੱਤਾ ਦਾ ਅਨੰਦ ਮਾਣਨ ਵਾਲੇ ਇਸ ਪਿੰਡ ਦੇ ਸਭ ਤੋਂ ਬਜ਼ੁਰਗ ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਹਰ ਗਲੀ ਉਦਾਸ ਵੇਖੀ ਗਈ। ਪਿੰਡ ਦੇ ਨਾਮ ਨੂੰ ਦੁਨੀਆਂ ਭਰ ਵਿਚ ਪਹੁੰਚਾਉਣ ਵਲੇ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਦੀ ਅੰਤਿਮ ਵਿਦਾਈ ਮੌਕੇ ਬਾਦਲ ਪਿੰਡ ਦੇ ਆਮ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਵਹਿੰਦੇ ਨਜ਼ਰ ਆਏ। ਪਿੰਡ ਵਿਚ ਬਾਦਲ ਪ੍ਰਵਾਰ ਵਲੋਂ ਉਚੇਚੇ ਤੌਰ ’ਤੇ ਬਣਾਏ ਬਿਰਧ ਆਸਰਮ ਵਿਚ ਰਹਿਣ ਵਾਲੇ ਦਰਜ਼ਨਾਂ ਬਜੁਰਗਾਂ ਦੀਆਂ ਅੱਖਾਂ ਦੇ ਨੀਰ ਮੁੱਕਦੇ ਨਜ਼ਰ ਆ ਰਹੇ ਸਨ। ਸੰਸਕਾਰ ਮੌਕੇ ਪਿੰਡ ਦੇ ਵਿਅਕਤੀ ਸ: ਬਾਦਲ ਵਲੋਂ ਪਿੰਡ ਵਿਚ ਲਿਆਂਦੀਆਂ ਹਰ ਸੁੱਖ-ਸਹੂਲਤਾਂ ਤੇ ਦਫ਼ਤਰਾਂ ਦਾ ਜਿਕਰ ਕਰਦਾ ਥਕਦਾ ਨਜ਼ਰ ਨਹੀਂ ਆ ਰਿਹਾ ਸੀ। ਕਰੀਬ ਸਵਾ 12 ਵਜੇਂ ਸ: ਬਾਦਲ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ਾਈ ਇੱਕ ਵਿਸੇਸ ਟਰੈਕਟਰ-ਅਰਾਲੀ ਵਿਚ ਸਵਾਰ ਕਰਕੇ ਬਾਦਲ-ਲੰਬੀ ਰੋਡ ਉਪਰ ਸਥਿਤ ਬਣਾਏ ਵਿਸ਼ੇਸ ਸਮਸ਼ਾਨਘਰ ਵੱਲ ਲਿਜਾਇਆ ਗਿਆ। ਟਰਾਲੀ ਵਿਚ ਸੁਖਬੀਰ ਸਿੰਘ ਬਾਦਲ ਤੇ ਸਮੂਹ ਪ੍ਰਵਾਰਕ ਮੈਂਬਰ ਵੀ ਸਵਾਰ ਸਨ ਤੇ ਰਾਸਤੇ ਵਿਚ ਥਾਂ-ਥਾਂ ਅਕਾਲੀ ਵਰਕਰਾਂ ਤੇ ਪਿੰਡ ਬਾਦਲ ’ਚ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਇਸ ਦੌਰਾਨ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਵੀ ਗੁੰਜਦੇ ਰਹੇ। ਅੰਤਿਮ ਵਿਦਾਈ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਵਲੋਂ ਅੰਤਿਮ ਅਰਦਾਸ ਕੀਤੀ ਗਈ।
ਬਾਕਸ
ਵਿਸੇਸ ਤੌਰ ’ਤੇ ਤਿਆਰ ਕੀਤੀ ਗਈ ਸੀ ਅੰਤਿਮ ਸੰਸਕਾਰ ਵਾਲੀ ਜਗ੍ਹਾਂ
ਬਾਦਲ: ਪ੍ਰਵਾਰ ਵਲੋਂ ਅਪਣੇ ਮੁਖੀ ਪ੍ਰਕਾਸ ਸਿੰਘ ਬਾਦਲ ਦੀ ਅੰਤਿਮ ਯਾਤਰਾ ਲਈ ਅਪਣੇ ਜੱਦੀ ਖੇਤ ’ਚ ਕਿੰਨੂਆਂ ਦੇ ਦੋ ਏਕੜ ਬਾਗ ਨੂੰ ਉਖਾੜ ਕੇ ਅੰਤਿਮ ਸੰਸਕਾਰ ਲਈ ਵਿਸੇਸ ਤੌਰ ’ਤੇ ਜਗ੍ਹਾਂ ਤਿਆਰ ਕੀਤੀ ਗਈ ਸੀ। ਇਸਤੋਂ ਇਲਾਵਾ ਚਿਖ਼ਾ ਲਈ 50 ਗੁਣਾ 30 ਫੁੱਟ ਦਾ ਇੱਕ ਪੰਜ ਫੁੱਟ ਉੱਚਾ ਥੜਾ ਬਣਾਇਆ ਗਿਆ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਮਹਰੂਮ ਆਗੂ ਦੀ ਯਾਦਗਾਰ ਬਣਾਈ ਜਾਣੀ ਹੈ ਤੇ ਇਹ ਜਗ੍ਹਾਂ ਮੁੱਖ ਸੜਕ ਉਪਰ ਹੈ।
ਬਾਕਸ
ਕਈ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਕੌਮੀ ਆਗੂਆਂ ਦੀ ਹਾਜ਼ਰੀ ’ਚ ਦਿੱਤੀ ਅੰਤਿਮ ਵਿਦਾਈ
ਬਾਦਲ: ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਕਈਆਂ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਕੌਮੀ ਆਗੂ ਪੁੱਜੇ ਹੋਏ ਸਨ। ਜਿੰਨ੍ਹਾਂ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਅਸੋਕ ਗਹਿਲੋਤ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸਿਅੰਤ ਚੋਟਾਲਾ, ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਉਮਰ ਅਬਦੁੱਲਾ, ਮਹਾਰਾਸਟਰ ਦੇ ਸਾਬਕਾ ਮੁੱਖ ਸਰਦ ਪਵਾਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੰਸਦ ਮੈਂਬਰ ਦੁਪਿੰਦਰ ਹੁੱਡਾ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀ ਹਰਦੀਪ ਪੁਰੀ, ਸੋਮ ਪ੍ਰਕਾਸ਼, ਵਿਜੇ ਸਾਂਪਲਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ ਬਲਜੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਹਰਿਆਣਾ ਦੇ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ, ਕਾਂਗਰਸੀ ਆਗੂ ਗੁਰਜੀਤ ਸਿੰਘ ਰਾਣਾ, ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੀ ਇਸ ਮੌਕੇ ਹਾਜ਼ਰ ਰਹੀ।