2025 ਤੱਕ ਪੰਜਾਬ ਅਤੇ ਜਿਲ੍ਹਾ ਬਠਿੰਡਾ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ: ਡਾ. ਤੇਜਵੰਤ
ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ:ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ ਅਤੇ ਬੀਮਾਰੀਆਂ ਨੂੰ ਕੰਟਰੋਲ ਅਤੇ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਟੀ.ਬੀ. ਨੂੰ ਸਮਾਜ ਵਿੱਚੋਂ 2025 ਤੱਕ ਖਤਮ ਕਰਨ ਦੇ ਟੀਚੇ ਨਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅੱਜ ਗਾਂਧੀ ਜੈਯੰਤੀ ਦੇ ਮੌਕੇ ਤੇ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਜਿਲ੍ਹਾ ਬਠਿੰਡਾ ਵਿੱਚ ਵੀ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਅੱਜ ਜੀ.ਐਨ.ਐਮ. ਟ੍ਰੇਨਿੰਗ ਸਕੂਲ ਵਿੱਚ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਜਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ, ਨਿੱਜੀ ਲੋਕ, ਦੇਸ਼ ਦੇ ਚੁਣੇ ਹੋਏ ਨੁਮਾਇੰਦੇ, ਕਾਰਪੋਰੇਟ ਘਾਰਾਣੇ, ਦਾਨੀ ਸੱਜਣਾਂ ਅਤੇ ਹੋਰ ਸੰਸਥਾਵਾਂ ਵੱਲੋਂ ਟੀ.ਬੀ. ਦੀ ਦਵਾਈ ਲੈ ਰਹੇ ਸਾਰੇ ਮਰੀਜਾਂ ਲਈ ਹਰ ਮਹੀਨੇ ਮੁਫ਼ਤ ਖੁਰਾਕ ਦੇਣ ਲਈ ਨਿਕਸ਼ੇ ਮਿੱਤਰਾ ਬਨਾਏ ਜਾਣੇ ਹਨ ਅਤੇ ਜਿਹੜਾ ਵਿਅਕਤੀ ਕਿਸੇ ਮਰੀਜ਼ ਨੂੰ ਖੁਰਾਕ ਦੇਣ ਦੀ ਜਿੰਮੇਵਾਰੀ ਲਵੇਗਾ ਉਹ ਹਰ ਮਹੀਨੇ ਟੀ.ਬੀ. ਦੇ ਮਰੀਜ਼ ਨੂੰ ਇਹ ਖੁਰਾਕ ਘੱਟੋ ਘੱਟ ਛੇ ਮਹੀਨੇ ਤੱਕ ਦੇਵੇਗਾ, ਜਿਸ ਨਾਲ ਨੈਸ਼ਨਨ ਟੀ.ਬੀ. ਇਲੈਮੀਨੇਸ਼ਨ ਪ੍ਰੌਗਰਾਮ ਨੂੰ ਕਾਮਯਾਬ ਕਰਨ ਅਤੇ ਦੇਸ਼ ਨੂੰ ਟੀ.ਬੀ. ਮੁਕਤ ਕਰਨ ਵਿਚ ਮਦਦ ਮਿਲੇਗੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਸਰਕਾਰ ਟੀ.ਬੀ. ਦੇ ਮਰੀਜਾਂ ਨੂੰ 500 ਰੁਪਏ ਪ੍ਰਤੀ ਮਹੀਨਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਖੁਰਾਕ ਖਾਣ ਲਈ ਦੇ ਰਹੀ ਹੈ। ਇਹ 500 ਰੁਪਏ ਪ੍ਰਤੀ ਮਹੀਨੇ ਦੀ ਮੱਦਦ ਵੀ ਜ਼ਾਰੀ ਰਹੇਗੀ। ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਅੱਜ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਤਹਿਤ ਸ੍ਰੀ ਦਰਸ਼ਨ ਲਾਲ ਸੈਕਟਰੀ ਰੈਡ ਕਰਾਸ ਅਤੇ ਰੈਡ ਕਰਾਸ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਜਿਲ੍ਹਾ ਬਠਿੰਡਾ ਦੇ ਟੀ.ਬੀ. ਦੇ 110 ਮਰੀਜਾਂ ਨੂੰ ਖੁਰਾਕ ਕਿੱਟਾਂ ਵੰਡੀਆਂ ਗਈਆ। ਡਾ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਟੀ.ਬੀ. ਦੇ 1968 ਮਰੀਜ਼ ਹਨ। ਬਾਕੀ ਰਹਿੰਦੇ ਮਰੀਜਾਂ ਨੂੰ ਜਲਦੀ ਹੀ ਵੱਖ ਵੱਖ ਸੰਸਥਾਵਾਂ ਜਾਂ ਨਿੱਜੀ ਲੋਕਾਂ ਵੱਲੋਂ ਨਿਕਸ਼ੇ ਮਿੱਤਰਾ ਪ੍ਰੋਗ੍ਰਾਮ ਅਧੀਨ ਸਵੀਕਾਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਜੋ ਮਰੀਜ ਟੀ.ਬੀ. ਦੀ ਦਵਾਈ ਖਾ ਰਹੇ ਹਨ ਉਨ੍ਹਾ ਵਿਚ ਅਕਸਰ ਕਮਜ਼ੋਰੀ ਆ ਜਾਂਦੀ ਹੈ ਜਿਸ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਜੇਕਰ ਟੀ.ਬੀ. ਦੇ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਪੂਰੀ ਅਤੇ ਸੰਤੁਲਤ ਖੁਰਾਕ ਮਿਲ ਜਾਵੇ ਤਾਂ ਉਹ ਜਲਦੀ ਅਤੇ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੇੈ।ਇਸ ਸਮੇਂ ਸ੍ਰੀ ਦਰਸ਼ਨ ਲਾਲ ਸੈਕਟਰੀ ਰੈਡ ਕਰਾਸ ਅਤੇ ਸਮੁੱਚੀ ਟੀਮ, ਸ੍ਰੀ ਹਰੀਸ਼ ਜਿੰਦਲ, ਵਿਨੋਦ ਖੁਰਾਣਾ, ਬਲਦੇਵ ਸਿੰਘ, ਟੀ.ਬੀ. ਵਿਭਾਗ ਦੀ ਸਮੁੱਚੀ ਟੀਮ ਹਾਜ਼ਰ ਸੀ।
Share the post "ਸਿਹਤ ਵਿਭਾਗ ਵੱਲੋਂ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ"