ਸੁਖਜਿੰਦਰ ਮਾਨ
ਬਠਿੰਡਾ, 4 ਮਈ: ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਮੀਤ ਪ੍ਰਧਾਨ ਪ੍ਰਧਾਨ ਜਗਪਾਲ ਬੰਗੀ ਨੇ ਪਿਛਲੇ ਵਿੱਦਿਅਕ ਸੈਸ਼ਨ 2020-21ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਵਿੱਚ ਤਕਨੀਕੀ ਖਾਮੀਆਂ ਕਾਰਨ, ਪੰਜਵੀਂ ਅਤੇ ਅੱਠਵੀਂ ਜਮਾਤਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਨਾ ਕਰਨ ਵਾਲੇ ਸੈਂਕੜੇ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰਨ ਦੀ ਸਖਤ ਨਿਖੇਧੀ ਕੀਤੀ ਹੈ । ਜਦ ਕਿ ਅਧਿਆਪਕ ਜਥੇਬੰਦੀਆਂ ਨਾਲ ਹੋਈ ਮੀਟਿੰਗ ਦਰਮਿਆਨ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਧਿਆਨ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਵਧੀਕੀਆਂ ਦੇ ਮਾਮਲੇ ਧਿਆਨ ਵਿੱਚ ਲਿਆਂਦੇ ਗਏ ਸਨ।ਡੀ.ਟੀ.ਐਫ. ਆਗੂਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਉਪਰ ਜਾ ਕੇ ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਸੀ, ਜਿਸ ਸਬੰਧੀ ਨਾ ਹੀ ਅਧਿਆਪਕਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਅਤੇ ਨਾ ਹੀ ਡਾਟਾ ਐਂਟਰੀ ਆਪ੍ਰੇਟਰ ਸਮੇਤ ਹੋਰ ਲੋੜੀਂਦਾ ਤਕਨੀਕੀ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ। ਇਸ ਕੰਮ ਦੇ ਨਵਾਂ ਅਤੇ ਉਲਝਣ ਭਰਿਆ ਹੋਣ ਕਾਰਨ ਅਤੇ ਸਕੂਲ ਮੁਖੀਆਂ ਜਾਂ ਅਧਿਆਪਕਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ । ਜਿਸ ਕਰਕੇ ਪੰਜਾਬ ਦੇ ਸੈਂਕੜੇ ਅਧਿਆਪਕ ਇਹ ਰਜਿਸਟ੍ਰੇਸ਼ਨ ਸਮੇਂ ਸਿਰ ਨਹੀਂ ਕਰ ਸਕੇ, ਬਾਅਦ ਵਿਚ ਬੋਰਡ ਨੇ ਸਮੇਂ ਦਾ ਵਾਧਾ ਦੇ ਕੇ ਇਹ ਕੰਮ ਪੂਰਾ ਵੀ ਕਰਵਾ ਲਿਆ ਸੀ । ਪ੍ਰੰਤੂ ਹੁਣ ਇਕ ਸਾਲ ਬੀਤਣ ਦੇ ਬਾਅਦ ਬੋਰਡ ਦੇ ਚੇਅਰਮੈਨ ਵੱਲੋਂ ਡੀ.ਪੀ.ਆਈ. ਨੂੰ ਇਨ੍ਹਾਂ ਸਕੂਲ ਮੁਖੀਆਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ । ਅੱਗੋਂ ਡੀਪੀਆਈ ਨੇ ਜ਼ਿਲ੍ਹਾ ਸਿੱਖਿਆ ਅਫਸਰ ਅਫ਼ਸਰਾਂ ਨੂੰ ਪੱਤਰ ਭੇਜ ਕੇ ਸਬੰਧਤ ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ ।ਹੁਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੁਆਰਾ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾ ਰਹੀ ਹੈ ।ਡੀਟੀਐਫ ਆਗੂਆਂ ਨੇ ਕਿਹਾ ਕਿ ਜੇਕਰ ਕਾਰਵਾਈ ਤੁਰੰਤ ਰੋਕੀ ਜਾਵੇ ਅਤੇ ਆਨਲਾਈਨ ਕਰਨ ਦਾ ਕੰਮ ਟ੍ਰੇਂਡ ਦਫ਼ਤਰੀ ਅਮਲੇ ਰਾਹੀਂ ਕਰਵਾਇਆ ਜਾਵੇ । ਜੇਕਰ ਸਿੱਖਿਆ ਵਿਭਾਗ ਨੇ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਇਸ ਧੱਕੇਸ਼ਾਹੀ ਦਾ ਸਖਤ ਵਿਰੋਧ ਕੀਤਾ ਜਾਵੇਗਾ।
Share the post "ਸਿੱਖਿਆ ਬੋਰਡ ਦੇ ਹਵਾਲੇ ਨਾਲ ਸਕੂਲ ਮੁਖੀਆਂ ਨੂੰ ਨੋਟਿਸ ਕੱਢਣ ਦੀ ਨਿਖੇਧੀ- ਡੀਟੀਐਫ"