ਮੁੱਖ ਦਫਤਰ ਅੱਗੇ ਅਣਮਿੱਥੇ ਸਮੇਂ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਲਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੰਪੰਨ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 6 ਜੂਨ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ’ਚ ਕੀਤੀ ਗਈ। ਜਿਸ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਫੀਲਡ ਅਤੇ ਦਫਤਰਾਂ ’ਚ ਬਤੌਰ ਇਨਲਿਸਟਮੈਂਟ ਤੇ ਆਊਟਸੋਰਸ ਅਧੀਨ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਲਈ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨਾਲ ਚੱਲ ਰਹੇ ਗੱਲਬਾਤ ਦੇ ਪ੍ਰੋਸੈਸ ’ਤੇ ਚਰਚਾ ਕਰਨ ਉਪਰੰਤ 12 ਜੂਨ ਦੇ ਉਲੀਕੇ ਹੋਏ ਧਰਨੇ ਦੀ ਤਿਆਰੀ ਕੀਤੀ ਗਈ।ਅੱਜ ਇਥੇ ਸੂਬਾ ਪ੍ਰਧਾਨ ਵਰਿੰਦਰ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਬ-ਕਮੇਟੀ ’ਚ ਸ਼ਾਮਲ ਮੰਤਰੀਆਂ ਦੇ ਨਾਲ 5 ਅਪ੍ਰੈਲ 2023 ਨੂੰ ਹੋਈ ਪੈਨਲ ਮੀਟਿੰਗ ’ਚ ਬਣੀ ਸਹਿਮਤੀ ਮੁਤਾਬਕ ਵਿਭਾਗੀ ਮੁਖੀ, ਜਸਸ ਮੋਹਾਲੀ ਵੱਲੋਂ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਦੇ ਪੱਕੇ ਰੁਜਗਾਰ ਲਈ ਕੋਈ ਨੀਤੀ ਜਾਂ ਪਾਲਸੀ ਤਿਆਰ ਨਹੀਂ ਕੀਤੀ ਹੈ ਪਰ ਵਿਭਾਗੀ ਮੁਖੀ ਦੇ ਆਦੇਸ਼ਾਂ ਤਹਿਤ 30 ਅਪ੍ਰੈਲ ਨੂੰ ਚੀਫ ਇੰਜੀਨੀਅਰ ਦੀ ਨਿਗਰਾਨੀ ਹੇਠ ਵਿਭਾਗੀ ਅਧਿਕਾਰੀਆਂ ਦੀ ਇਕ ਹੋਰ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜੋ ਵਰਕਰਾਂ ਦੇ ਹਿੱਤ ਵਿਚ ਪਾਲਸੀ ਬਣਾਉਣ ’ਚ ਅਣਦੇਖੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੀ ਵਿਉਤਬੰਦੀ ਅਨੁਸਾਰ ਮੁੱਖ ਇੰਜੀਨੀਅਰ, ਜਸਸ ਵਿਭਾਗ, ਪਟਿਆਲਾ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਨੂੰ ਬਣਾਈ ਗਈ ਤਜਵੀਜ ਨੂੰ ਲਾਗੂ ਕੀਤਾ ਜਾਵੇ ਜਾਂ ਯੂਨੀਅਨ ਵਲੋਂ 19 ਅਪ੍ਰੈਲ ਨੂੰ ਵਿਭਾਗ ਕੋਲ ਭੇਜੀ ਤਜਵੀਜ ਦੀਆਂ ਸਿਫਾਰਸਾਂ ਨੂੰ ਅਧਾਰ ਮੰਨ ਕੇ ਇਨਲਿਸਟਮੈਟ/ਆਊਟਸੋਰਸ ਮੁਲਾਜਮਾਂ ਨੂੰ ਵਿਭਾਗ ’ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ ਤਾਂ ਜੋ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਠੇਕਾ ਪ੍ਰਣਾਲੀ ਦੀ ਚੱਕੀ ਵਿਚ ਪੀਸ ਰਹੇ ਵਰਕਰਾਂ ਦਾ ਰੁਜਗਾਰ ਪੱਕਾ ਹੋਣ ਨਾਲ ਭਵਿੱਖ ਸੁਰੱਖਿਅਤ ਹੋ ਸਕੇ, ਇਸ ਲਈ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿਚ ਲੈ ਕੇ ਰੈਗੂਲਰ ਕਰਨ ਵਾਲੀ ਪ੍ਰਪੋਜਲ ਸਰਕਾਰ ਦੀ ਕੈਬਨਿਟ ਸਬ-ਕਮੇਟੀ ਕੋਲ ਤੁਰੰਤ ਭੇਜ ਕੇ ਲਾਗੂ ਕਰਵਾਉਣ ਦੀ ਸਿਫਾਰਸ਼ ਕੀਤੀ ਜਾਵੇ। ਨਹੀਂ ਤਾਂ ਵਿਭਾਗੀ ਅਧਿਕਾਰੀਆਂ ਦੀ ਸਬ ਕਮੇਟੀ ਦੇ ਖਿਲਾਫ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ12 ਜੂਨ ਨੂੰ ਹੈਡ ਆਫਿਸ ਪਟਿਆਲਾ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਦੋ ਤੱਕ ਵਰਕਰਾਂ ਦੇ ਪੱਕੇ ਰੁਜਗਾਰ ਦੀ ਗਾਰੰਟੀ ਕਰਨ ਵਾਲੀ ਤਜਵੀਜ ਤਿਆਰ ਕਰਕੇ ਅਗਲੀ ਕਾਰਵਾਈ ਸਰਕਾਰ ਕੋਲ ਭੇਜੀ ਨਹੀਂ ਜਾਂਦੀ ਹੈ, ਇਹ ਧਰਨਾ ਜਾਰੀ ਰੱਖਿਆ ਜਾਵੇਗਾ, ਜਿਸਦੀ ਜਿੰਮੇਵਾਰੀ ਵਿਭਾਗੀ ਅਧਿਕਾਰੀਆਂ ਦੀ ਹੋਵੇਗੀ। ਧਰਨੇ ’ਚ ਸਾਰੇ ਪੰਜਾਬ ਵਿਚੋਂ ਹਜਾਰਾਂ ਜਲ ਸਪਲਾਈ ਵਰਕਰ ਆਪਣੇ ਪਰਿਵਾਰਾਂ ਸਣੇ 12 ਜੂਨ ਨੂੰ ਪਟਿਆਲੇ ਵੱਲ ਕੂਚ ਕਰਨਗੇ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਹਾਕਮ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਪ੍ਰਦੂਮਣ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਖਾਨ, ਉਕਾਰ ਸਿੰਘ, ਗੁਰਵਿੰਦਰ ਬਾਠ ਬਲਜੀਤ ਭੱਟੀ, ਜਿਲ੍ਹਾ ਆਗੂ ਰਘੁਬੀਰ ਸਿੰਘ, ਹਰਜਿੰਦਰ ਮੋਮੀ, ਮੇਜਰ ਸਿੰਘ, ਸਤਨਾਮ ਖਿਆਲਾ, ਗੁਰਵਿੰਦਰ ਪੰਜੋਲੀ , ਜੀਤ ਸਿੰਘ ਬਠੋਈ ਆਦਿ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ ਅਤੇ ਦਫਤਰੀ ਸਟਾਫ ਦੀ ਸਬ ਕਮੇਟੀ ਦੇ ਸੂਬਾ ਆਗੂ ਸੰਦੀਪ ਕੌਰ ਖੰਨਾ ਨੇ ਵੀ ਭਾਗ ਲਿਆ।
Share the post "ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਮੁਕੰਮਲ, 12 ਜੂਨ ਨੂੰ ਵਰਕਰ ਪਰਿਵਾਰਾਂ ਸਣੇ ਪਟਿਆਲਾ ਕਰਨਗੇ ਕੂਚ-ਵਰਿੰਦਰ ਮੋਮੀ"