ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ : ਸੂਬੇ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਇੱਥੇ ਕੰਮ ਕਰਦੇ ਸਰੀਰਿਕ ਸਿੱਖਿਆ ਅਧਿਆਪਕਾਂ ਨਾਲ ਤਾਲਮੇਲ ਬਣਾਉਣ ਲਈ ਪੰਜਾਬ ਸਰਕਾਰ ਨੇ 19 ਜਿਲ੍ਹਿਆਂ ਵਿਚ ਪੱਕੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਲਗਾਏ ਹਨ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਤੋਂ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਇਹ ਕੰਮ ਸੰਭਾਲ ਰਹੇ ਸਨ ਪ੍ਰੰਤੂ ਕੁੱਝ ਸਮਾਂ ਪਹਿਲਾਂ ਇਹ ਪੋਸਟ ਖ਼ਤਮ ਕਰ ਦਿੱਤੀ ਗਈ ਸੀ ਤੇ ਇੰਨ੍ਹਾਂ ਥਾਵਾਂ ‘ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿਚ ਵਾਪਸ ਭੇਜ ਦਿੱਤਾ ਸੀ। ਜਿਸਤੋਂ ਬਾਅਦ ਜ਼ਿਲ੍ਹਾਂ ਪੱਧਰ ’ਤੇ ਖੇਡਾਂ ਦਾ ਕੰਮ ਦੇਖਣ ਲਈ ਵਿਸੇਸ ਤੌਰ ’ਤੇ ਕੋਈ ਅਧਿਕਾਰੀ ਨਹੀਂ ਰਹਿ ਗਿਆ ਸੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੀ ਇਹ ਕੰਮ ਦੇਖ ਰਹੇ ਸਨ। ਪਤਾ ਲੱਗਿਆ ਹੈ ਕਿ ਜ਼ਿਲ੍ਹਾ ਸਪੋਰਟਸ ਕੋਡਾਰਡੀਨੇਟਰ ਤੈਨਾਤ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ 73 ਸੀਨੀਅਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦਫਤਰ ਬੁਲਾਇਆ ਸੀ। ਜਿਸਤੋਂ ਬਾਅਦ ਇਨ੍ਹਾਂ ਹਾਜ਼ਰ ਲੈਕਚਰਾਰਾਂ ਵਿਚੋਂ ਸੀਨੀਆਰਤਾ ਨੰਬਰ ਅਨੁਸਾਰ ਸਟੇਸ਼ਨ ਚੁਆਇਸ ਕਰਵਾਈ ਗਈ। ਜਿਸ ਵਿੱਚ ਜਗਜੀਤ ਸਿੰਘ ਨੂੰ ਹੁਸ਼ਿਆਰਪੁਰ , ਜਸਵੀਰ ਸਿੰਘ ਗਿੱਲ ਨੂੰ ਬਠਿੰਡਾ, ਸੁਖਜਿੰਦਰਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ,ਦਵਿੰਦਰ ਕੌਰ ਨੂੰ ਸ਼ਹੀਦ ਭਗਤ ਸਿੰਘ ਨਗਰ ,ਆਸ਼ੂ ਵਿਸ਼ਾਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਇੰਦੂ ਬਾਲਾ ਨੂੰ ਮੋਹਾਲੀ, ਕੁਲਵੀਰ ਸਿੰਘ ਨੂੰ ਲੁਧਿਆਣਾ ,ਨਰੇਸ਼ ਸੈਣੀ ਨੂੰ ਸੰਗਰੂਰ ,ਅਰੁਣ ਕੁਮਾਰ ਨੂੰ ਪਠਾਨਕੋਟ, ਪ੍ਰੀਤੀ ਅਹੂਜਾ ਨੂੰ ਜਲੰਧਰ ,ਅਨੀਤਾ ਗੁਰਦਾਸਪੁਰ, ਰੇਣੂ ਕੌਸ਼ਲ ਨੂੰ ਪਟਿਆਲਾ ,ਅਮਨਦੀਪ ਸਿੰਘ ਨੂੰ ਕਪੂਰਥਲਾ, ਸ਼ਰਨਜੀਤ ਕੌਰ ਨੂੰ ਰੂਪਨਗਰ ,ਬਲਵਿੰਦਰ ਸਿੰਘ ਬੈਂਸ ਨੂੰ ਮੋਗਾ, ਅੰਮ੍ਰਿਤਪਾਲ ਸਿੰਘ ਨੂੰ ਮਾਨਸਾ, ਜੁਗਰਾਜ ਸਿੰਘ ਨੂੰ ਤਰਨਤਾਰਨ , ਸੁਖਦੀਪ ਸਿੰਘ ਨੂੰ ਫਾਜਿਲਕਾ, ਕੇਵਲ ਕੌਰ ਫਰੀਦਕੋਟ ਨੂੰ ਸਟੇਸ਼ਨ ਦਿੱਤੇ ਗਏ। ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜਪੁਰ ਅਤੇ ਮਲੇਰਕੋਟਲਾ ਹਾਲੇ ਖਾਲੀ ਹਨ ਇਨ੍ਹਾਂ ਜਿਲ੍ਹਿਆਂ ਲਈ ਅੱਗਲੇ ਹਫਤੇ ਸਟੇਸ਼ਨ ਦਿੱਤੇ ਜਾਣਗੇ।ਉਧਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਸੂਬਾ ਸਕੱਤਰ ਇੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਜਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਦੇ ਲੱਗਣ ਨਾਲ ਜਿੱਥੇ ਇਹ ਪੋਸਟ ਬਹਾਲ ਹੋਈ ਹੈ ਉੱਥੇ ਖੇਡਾਂ ਨੂੰ ਹੁਲਾਰਾ ਮਿਲੇਗਾ। ਜਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਲੱਗਣ ਨਾਲ ਪੰਜਾਬ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਠੱਲ, ਨਵਕਿਰਪ੍ਰੀਤ ਖਟੜ੍ਹਾ,ਡਾ.ਕੁਲਦੀਪ ਸਿੰਘ ਬਨੂੜ, ਗੁਰਪ੍ਰੀਤ ਸਿੰਘ ਸਿੱਧੂ,ਰਮਨਦੀਪ ਸਿੰਘ ਗਿੱਲ ਅਤੇ ਸਮੂਹ ਸੂਬਾ ਕਮੇਟੀ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਪੰਜਾਬ ਵੱਲੋਂ ਵਧਾਈ ਦਿੱਤੀ ਗਈ।
Share the post "ਸੂਬੇ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਲਗਾਏ"