ਸੁਖਜਿੰਦਰ ਮਾਨ
ਚੰਡੀਗੜ੍ਹ, 4 ਜੁਲਾਈ: ਪੈਰੋਲ ‘ਤੇ ਇੱਕ ਮਹੀਨੇ ਲਈ ਸੁਨਾਰੀਆ ਜੇਲ ਵਿਚੋਂ ਬਾਹਰ ਆਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਕਲੀ ਦੱਸਦੇ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਲਈ ਕੁੱਝ ਡੇਰਾ ਪ੍ਰੇਮੀਆਂ ਵਲੋਂ ਦਾਈਰ ਕੀਤੀ ਪਿਟੀਸਨ ਨੂੰ ਖਾਰਜ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿਟੀਸਨਕਰਤਾਵਾਂ ਨੂੰ ਝਾੜ ਪਾਈ ਹੈ। ਹਾਈ ਕੋਰਟ ਨੇ ਇਸ ਮਾਮਲੇ ਨੂੰ ਕਾਲਪਨਿਕ ਕਰਾਰ ਦਿੰਦਿਆਂ ਕਿਹਾ ਕਿ ਇੱਥੇ ਕੋਈ ਫ਼ਿਲਮ ਨਹੀਂ ਚੱਲ ਰਹੀ ਹੈ। ਇਹ ਹਾਈ ਕੋਰਟ ਹੈ ਅਤੇ ਇੱਥੇ ਅਜਿਹੇ ਗ਼ੈਰ ਜਰੂਰੀ ਫੈਸਲੇ ਨਹੀਂ ਸੁਣੇ ਜਾਂਦੇ। ਉਨ੍ਹਾਂ ਪਿਟੀਸ਼ਨਕਰਤਾਵਾਂ ਨੂੰ ਕਿਹਾ ਕਿ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਦਿਮਾਗ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ ਕਿ ਜੇਲ੍ਹ ਤੋਂ ਬਾਹਰ ਆਇਆ ਬਾਬਾ ਕਿਵੇਂ ਬਦਲ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਡੇਰਾ ਪ੍ਰੇਮੀਆਂ ਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਏ ਸਨ ਕਿ ਸੁਨਾਰੀਆ ਜੇਲ੍ਹ ਤੋਂ ਇੱਕ ਮਹੀਨੇ ਦੀ ਪੈਰੋਲ ਲਈ ਬਾਹਰ ਆਏ ਡੇਰਾ ਮੁਖੀ ਅਸਲੀ ਨਹੀਂ ਹਨ ਬਲਕਿ ਇਹ ਉਨ੍ਹਾਂ ਦਾ ਕੋਈ ਬਹਿਰੂਪੀਆ ਹੈ ਜਦੋਂਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਦੂਜੇ ਪਾਸੇ ਡੇਰਾ ਪ੍ਰਬੰਧਕਾਂ ਨੇ ਇਸ ਪਟੀਸ਼ਨ ਨੂੰ ਡੇਰਾ ਪ੍ਰੇਮੀਆਂ ਵਿੱਚ ਭਰਮ ਫੈਲਾਉਣ ਵਾਲੀ ਦੱਸਦਿਆਂ ਇਸ ਨੂੰ ਮੁੱਢੋਂ ਰੱਦ ਕੀਤਾ ਸੀ। ਗੌਰਤਲਬ ਹੈ ਕਿ ਡੇਰਾ ਮੁਖੀ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਬਾਗਪਤ ਖੇਤਰ ਵਿਚ ਆਪਣੇ ਇਕ ਡੇਰੇ ਦੇ ਆਸ਼ਰਮ ਵਿੱਚ ਰਹਿ ਰਿਹਾ ਹੈ ਜਿੱਥੇ ਉਹ ਕਈ ਵਾਰ ਲਾਈਵ ਵੀ ਹੋਇਆ ਹੈ।
ਹਾਈ ਕੋਰਟ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਨਕਲੀ ਦੱਸਣ ਵਾਲੀ ਪਟੀਸ਼ਨ ਖਾਰਜ
7 Views