ਇੱਕ ਧੜੇ ਨੇ ਕਾਬਜ਼ ਗਰੁੱਪ ਵਿਰੁਧ ਦਿੱਤੀ ਐਸ.ਐਸ.ਪੀ ਨੂੰ ਸਿਕਾਇਤ
ਮੁੱਖ ਮੰਤਰੀ ਨੂੰ ਕੀਤੀ ਕਾਨੂੰਨੀ ਕਾਰਵਾਈ ਦੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਸਤੰਬਰ : ਜ਼ਿਲ੍ਹੇ ਦੇ ਇਤਿਹਾਸਕ ਮਾਤਾ ਮਾਈਸਰਖ਼ਾਨਾ ਮੰਦਿਰ ਵਿਖੇ ਪਹਿਲਾਂ ਹੀ ਚੱਲ ਰਹੇ ਮੰਦਿਰ ਕਮੇਟੀ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਇੱਥੇ ਬਣੇ ਸਵਰਨਕਾਰ ਦੁਰਗਾ ਮੰਦਰ ਦੀ ਕਮੇਟੀ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਇਸ ਮਾਮਲੇ ਵਿਚ ਕਰੋੜਾਂ ਦੀ ਕਥਿਤ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਇੱਕ ਧੜੇ ਨੇ ਕਾਰਜ਼ ਗਰੁੱਪ ਵਿਰੁਧ ਐਸ.ਐਸ.ਪੀ ਨੂੰ ਸਿਕਾਇਤ ਦਿੱਤੀ ਹੈ। ਐਸ.ਐਸ.ਪੀ ਨੂੰ ਮਿਲਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਤੇ ਮੰਦਰ ਕਮੇਟੀ ਦੇ ਚੀਫ ਪੈਟਰਨ ਕਰਤਾਰ ਸਿੰਘ ਜੋੜਾ ਅਤੇ ਹੋਰਨਾਂ ਨੇ ਦਸਿਆ ਕਿ ਨਵੀਂ ਕਾਰਜ਼ਕਾਰੀ ਕਮੇਟੀ ਚੁਣੇ ਜਾਣ ਦੇ ਬਾਵਜੂਦ ਪਿਛਲੇ ਦੋ ਦਹਾਕਿਆਂ ਤੋਂ ਕਾਬਜ਼ ਚੱਲੇ ਆ ਰਹੇ ਪ੍ਰਧਾਨ ਮਨੋਹਰ ਸਿੰਘ ਅਤੇ ਜਰਨਲ ਸੈਕਟਰੀ ਸੁਰਿੰਦਰ ਸਿੰਘ ਹਿਸਾਬ-ਕਿਤਾਬ ਨਹੀਂ ਦੇ ਰਹੇ ਹਨ, ਜਿਸਦੇ ਚੱਲਦੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਬਠਿੰਡਾ ਨੂੰ ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ ਪਿਛਲੇ 24 ਸਾਲਾਂ ਤੋਂ ਸਵਰਨਕਾਰ ਦੁਰਗਾ ਮੰਦਰ ਮਾਈਸਰਖਾਨਾ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦਾ ਚੜਾਵਾ, ਨਗਦੀ, ਸੋਨਾ-ਚਾਂਦੀ, ਵਿਦੇਸ਼ਾਂ ਤੋਂ ਆਏ ਹੋਏ ਰੁਪੈ ਜੋ ਕਿ ਕਰੋੜਾਂ ਰੁਪੈ ਬਣਦੇ ਹਨ, ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਕਰਤਾਰ ਸਿੰਘ ਜੌੜਾ ਨੇ ਦਸਿਆ ਕਿ ਨਿਯਮਾਂ ਅਨੁਸਾਰ ਇਸ ਰਜਿਸਟਰਡ ਸੋਸਾਇਟੀ ਦੀ 1 ਅਪ੍ਰੈਲ ਤੋਂ 31 ਮਾਰਚ ਤੱਕ ਹਰ ਸਾਲ ਜਰਨਲ ਮੀਟਿੰਗ ਕੀਤੀ ਜਾਣੀ ਜਰੂਰੀ ਹੈ ਜਿਸ ਵਿੱਚ ਇੱਕ ਸਾਲ ਦੀ ਆਮਦਨ ਅਤੇ ਖਰਚੇ ਦਾ ਹਿਸਾਬ ਪੇਸ਼ ਕਰਨਾ ਅਤੇ ਚਾਲੂ ਸਾਲ ਦਾ ਬਜਟ ਦੋ ਤਿਹਾਈ ਤੋਂ ਵੱਧ ਮੈਬਰਾਂ ਵੱਲੋਂ ਪਾਸ ਕਰਵਾਉਣਾ ਹੁੰਦਾ ਹੈ। ਪਰੰਤੂ ਉਕਤ ਪ੍ਰਧਾਨ ਅਤੇ ਜਰਨਲ ਸੈਕਟਰੀ ਨੇ ਨਾ ਤਾਂ ਕੋਈ ਜਰਨਲ ਮੀਟਿੰਗ ਬੁਲਾਈ ਹੈ ਨਾ ਹੀ ਹਿਸਾਬ ਪੇਸ਼ ਕੀਤਾ ਹੈ ਅਤੇ ਨਾ ਹੀ ਕਰੋੜਾਂ ਰੁਪੈ ਦੇ ਖਰਚੇ ਦਿਖਾਉਣ ਲਈ ਬਜਟ ਪੇਸ਼ ਕਰਕੇ ਪਾਸ ਕਰਵਾਇਆ ਹੈ, ਬਲਕਿ ਆਪਣੀਆਂ ਮਨਮਾਨੀਆਂ ਕਰਦੇ ਰਹੇ ਹਨ ਅਤੇ ਕਿਸੇ ਕਨੂੰਨ ਦੀ ਪਰਵਾਹ ਨਹੀ ਕੀਤੀ। ਸੋਸਾਇਟੀ ਦੇ ਸਵਿਧਾਨ ਅਨੁਸਾਰ ਹਰ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ ਇੱਕ ਸਾਲ ਲਈ ਪ੍ਰਧਾਨ ਬਣਾਇਆ ਜਾਣਾ ਹੈ ਪਰੰਤੂ ਉਕਤ ਮਨੋਹਰ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਮਿਲਕੇ, ਪੰਜ-ਪੰਜ ਸਾਲ ਦਾ ਪ੍ਰਧਾਨ ਬਨਣ ਲਈ ਮਤਾ ਪਾਸ ਕਰਵਾਉਂਦਾ ਰਿਹਾ ਹੈ। ਜਿਸਦੇ ਚੱਲਦੇ 25-04-2022 ਨੂੰ ਮਾਈਸਰਖਾਨਾ ਮੰਦਰ ਵਿਖੇ ਸੋਸਾਇਟੀ ਦੇ ਮੈਬਰਾਂ ਨੇ ਮੀਟਿੰਗ ਕਰਕੇ ਮਨੋਹਰ ਸਿੰਘ ਦੀ ਪ੍ਰਧਾਨਗੀ ਖਾਰਜ ਕਰ ਦਿੱਤੀ ਤੇ ਸਰਵਸੰਮਤੀ ਨਾਲ ਗੁਰਮੀਤ ਸਿੰਘ ਵਾਸੀ ਮੁਕਤਸਰ ਨੂੰ ਕਾਰਜਕਾਰੀ ਪ੍ਰਧਾਨ, ਸੁਖਦਰਸ਼ਨ ਸਿੰਘ ਵਾਸੀ ਰਾਮਪੁਰਾ ਨੂੰ ਕਾਰਜਕਾਰੀ ਸੈਕਟਰੀ ਅਤੇ ਮਨਜੀਤ ਸਿੰਘ ਵਾਸੀ ਮਾਨਸਾ ਨੂੰ ਕਾਰਜਕਾਰੀ ਕੈਸ਼ੀਅਰ ਬਣਾਇਆ ਗਿਆ। ਪਰੰਤੂ ਉਕਤ ਮਨੋਹਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੰਦਰ ਧਰਮਸਾਲਾ ਤੇ ਤਾਲੇ ਲਗਾ ਕੇ ਰੱਖੇ ਹੋਏ ਹਨ ਅਤੇ 5 ਮਹੀਨੇ ਬੀਤ ਜਾਣ ਤੱਕ ਵੀ ਮੰਦਰ ਕਮੇਟੀ ਦਾ ਰਿਕਾਰਡ ਹਿਸਾਬ/ਚਾਰਜ ਨਹੀਂ ਦਿੱਤਾ। ਉਧਰ ਮਨੋਹਰ ਸਿੰਘ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁਧ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦ ਵੀ ਨਵੀਂ ਕਮੇਟੀ ਬਣਦੀ ਹੈ ਤਾਂ ਬਹੁਸੰਮਤੀ ਮੈਂਬਰਾਂ ਨੇ ਸਮਰਥਨ ਕੀਤਾ ਸੀ ਤੇ ਉਨ੍ਹਾਂ ਤੋਂ ਪਹਿਲਾਂ ਵੀ ਪ੍ਰਧਾਨ ਪੰਜ ਪੰਜ ਸਾਲ ਲਈ ਬਣਦੇ ਰਹੇ ਹਨ। ਮਨੋਹਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਅਪ੍ਰੈਲ ਮਹੀਨੇ ’ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਖ਼ੁਦ ਕਰਤਾਰ ਸਿੰਘ ਜੌੜਾ ਤੇ ਹੋਰਨਾਂ ਨੂੰ ਖ਼ੁਦ ਅਹੁੱਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪ੍ਰੰਤੂ ਸਮੂਹ ਮੈਂਬਰਾਂ ਨੇ ਮਨਾਂ ਕਰਕੇ ਸੇਵਾ ਸੰਭਾਲ ਜਾਰੀ ਰੱਖਣ ਲਈ ਅਵਾਜ਼ ਚੁੱਕੀ ਸੀ।ਉਨ੍ਹਾਂ ਵਿਦੇਸ਼ਾਂ ’ਚੋਂ ਸੋਨੇ ਤੇ ਪੈਸੇ ਦੇ ਚੜਾਵੇ ਦੇ ਦਾਅਵੇ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵਿਰੋਧੀ ਧੜੇ ਕੋਲ ਇੱਕ ਵੀ ਵਿਅਕਤੀ ਹੈ ਤਾਂ ਉਹ ਪੇਸ਼ ਕਰਨ ਤੇ ਨਾਲ ਹੀ ਮੰਦਿਰ ਨੂੰ ਤਾਲੇ ਲਗਾਉਣ ਦੀ ਗੱਲ ਨੂੰ ਵੀ ਗਲਤ ਕਰਾਰ ਦਿੱਤਾ।
ਹੁਣ ਮਾਈਸਰਖ਼ਾਨਾ ’ਚ ਬਣੇ ਸਵਰਨਕਾਰ ਦੁਰਗਾ ਮੰਦਰ ਦੀ ਕਮੇਟੀ ਦਾ ਭਖਿਆ ਵਿਵਾਦ
9 Views