ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ, ਬੁਢਲਾਡਾ ਇਲਾਕਿਆਂ ਵਿੱਚ ਭੇਜੇ ਦਰਜਨਾਂ ਪੰਪ ਸੈਟ ਅਤੇ ਹਜ਼ਾਰਾਂ ਲੀਟਰ ਡੀਜ਼ਲ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 27ਜੁਲਾਈ:ਮਾਨਸਾ ਜਿਲ੍ਹੇ ਅਧੀਨ ਪੈਂਦੇ ਬੁਢਲਾਡਾ ਅਤੇ ਸਰਦੂਲਗੜ੍ਹ ਹਲਕਿਆਂ ਦੇ ਹੜ੍ਹ ਮਾਰੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਨਾ ਕੇਵਲ ਦੌਰੇ ਕਰਕੇ ਪੀੜ੍ਹਤਾਂ ਦੀ ਸਾਰ ਲਈ ਗਈ ਸਗੋਂ ਉਸ ਉਪਰੰਤ ਹਜ਼ਾਰਾਂ ਲੀਟਰ ਡੀਜ਼ਲ ਅਤੇ ਦਰਜਨਾਂ ਪੰਪ ਸੈੱਟ ਵੀ ਭੇਜੇ ਜਾ ਰਹੇ ਹਨ।ਬੀਤੇ ਦਿਨੀਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਵੀਡਿਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਸੀ ਉਨ੍ਹਾਂ ਨੂੰ ਜਿਸ ਤਰ੍ਹਾਂ ਦੀ ਵੀ ਮੌਜੂਦਾ ਹਾਲਤਾਂ ਵਿੱਚ ਲੋੜ ਹੋਵੇ, ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰਕੇ ਸਮਾਨ ਲੈ ਸਕਦੇ ਹਨ, ਜਿਸ ਉਪਰੰਤ ਲੋਕਾਂ ਨੇ ਮੰਗਾਂ ਰੱਖੀਆਂ ਅਤੇ ਨਾਲੋ ਨਾਲ ਰਾਹਤ ਸਮੱਗਰੀ ਪਹੁੰਚਣੀ ਸ਼ੁਰੂ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਸਰਦੂਲਗੜ੍ਹ ਸ਼ਹਿਰ ਵਿੱਚ ਹੜ੍ਹ ਬਚਾਅ ਦੇ ਚੱਲ ਰਹੇ ਕਾਰਜਾਂ ਲਈ 1 ਹਜ਼ਾਰ ਲੀਟਰ ਡੀਜ਼ਲ ਅਤੇ ਕੁਲਰੀਆਂ ਨੇੜੇ ਚਾਂਦਪੁਰਾ ਬੰਨ੍ਹ ਬਣਨ ਲਈ 1 ਹਜ਼ਾਰ ਲੀਟਰ ਡੀਜ਼ਲ ਭੇਜਿਆ ਜਾ ਚੁੱਕਾ ਹੈ।ਇਸ ਤੋਂ ਇਲਾਵਾ ਗੰਢੂ ਖੁਰਦ ਵਿਖੇ 400 ਲੀਟਰ, ਸਰਦੂਲਗੜ੍ਹ ਦੇ ਪਿੰਡ ਭੂੰਦੜ ਦੇ ਬੰਨ੍ਹ ਲਈ 200 ਲੀਟਰ, ਅਤੇ ਨਾਲ ਹੀ ਸਰਦੂਲਗੜ੍ਹ ਮੰਡੀ ਵਿਖੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 200 ਲੀਟਰ ਡੀਜ਼ਲ ਭੇਜਿਆ ਗਿਆ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੁਢਲਾਡਾ ਖੇਤਰ ਲਈ 9 ਪੰਪ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕੁਲਰੀਆਂ ਵਿਖੇ 3 ਪੰਪ, ਬੀਰੇਵਾਲਾ ਡੋਗਰਾ ਵਿਖੇ 2, ਚੱਕ ਅਲੀਸ਼ੇਰ ਵਿਖੇ 2, ਗੋਰਖਨਾਥ ਵਿਖੇ 2, ਸਰਦੂਲਗੜ੍ਹ ਵਿਖੇ 1, ਫੂਸ ਮੰਡੀ 2 ਅਤੇ ਰੋੜਕੀ ਵਿਖੇ 2 ਪੰਪ ਹੁਣ ਚਾਲੂ ਹੋ ਚੁੱਕੇ ਹਨ।ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਸ਼ੂਆਂ ਲਈ ਚਾਰਾ, ਸਿਰ ਢਕਣ ਲਈ ਤਿਰਪਾਲਾਂ, ਜੇਸੀਬੀ ਪੋਕਲੇਨਾਂ, ਮਿੱਟੀ, ਗੱਟੇ ਅਤੇ ਟਰੈਕਰ ਵੀ ਕਈ ਥਾਵਾਂ ’ਤੇ ਭੇਜੇ ਜਾ ਚੁੱਕੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ, ਖ਼ਾਸ ਤੌਰ ’ਤੇ ਯੂਥ ਅਕਾਲੀ ਦਲ ਨੂੰ, ਇਹ ਹਦਾਇਤ ਕੀਤੀ ਗਈ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਉਹ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਘਰ ਸਰਕਾਰ ਦੀ ਅਣਗਿਹਲੀ ਕਾਰਨ ਹਾਦਸੇ ਦਾ ਸ਼ਿਕਾਰ ਨਾ ਹੋਵੇ, ਜਿਸ ਉਪਰੰਤ ਸਾਰੇ ਆਗੂ ਅਤੇ ਵਰਕਰ ਪਾਣੀ ਵਿੱਚ ਲੋਕਾਂ ਦੀ ਮਦਦ ਕਰਨ ਲਈ ਡੱਟ ਗਏ।ਅੱਜ ਇਸ ਸੰਬੰਧੀ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਰਾਜਨੀਤੀ ਸੋਭਾ ਨਹੀਂ ਦਿੰਦੀ। ਇਸ ਮੌਕੇ ਤਕਲੀਫਾਂ ਵਿੱਚ ਘਿਰੇ ਲੋਕਾਂ ਦੀ ਬਾਂਹ ਫੜਣ ਦੀ ਲੋੜ ਹੈ। ਸਰਕਾਰ ਦੀ ਨਲਾਇਕੀ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਲੋਕ ਮੁਸੀਬਤ ਵਿੱਚ ਹਨ, ਉੱਥੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਅਤੇ ਵਿਧਾਇਕ ਮਦੱਦ ਦੀ ਥਾਂ ਮੀਡੀਆ ਵਿੱਚ ਆਉਣ ਲਈ ਫੋਟੋ ਸ਼ੂਟ ਤੱਕ ਹੀ ਸੀਮਤ ਹੋ ਰਹੇ ਹਨ।ਉਹਨਾਂ ਕਿਹਾ ਕਿ ਮੌਜੂਦਾ ਹੜ੍ਹ ਦੇ ਹਾਲਾਤਾਂ ਲਈ ਦੋ ਕਾਰਨ ਜ਼ਿੰਮੇਵਾਰ ਹਨ ਕਿ ਸਰਕਾਰ ਵਲੋਂ ਡਰੇਨਾਂ ਦੀ ਸਫ਼ਾਈ ਨਹੀਂ ਕੀਤੀ ਗਈ ਤੇ ਨਾ ਹੀ ਬੰਨ੍ਹ ਮਜ਼ਬੂਤ ਕਰਨ ਲਈ ਪਹਿਲਾਂ ਤੋਂ ਉਪਰਾਲੇ ਕੀਤੇ ਗਹੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਉਨ੍ਹਾਂ ਵੱਲੋਂ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਨਾਲ ਵੀ ਸੰਪਰਕ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੀ ਮਾਰ ਪੈਣ ਤੇ ਲੋਕ ਸਮਾਜਸੇਵੀ ਸੰਸਥਾਵਾਂ ਦੀ ਮਦੱਦ ਅਤੇ ਆਪਣੇ ਖਰਚੇ ਨਾਲ ਬੰਨ੍ਹ ਪੂਰ ਰਹੇ ਹਨ ਪਰ ਸਰਕਾਰੀ ਅੰਕੜਿਆਂ ਵਿੱਚ ਇਹ ਸਾਰਾ ਖਰਚ ਸਰਕਾਰ ਵੱਲੋਂ ਕੀਤਾ ਦਿਖਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਖਰਚਿਆਂ ਦੀ ਰਿਪੋਰਟ ਵੀ ਲੈਣਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਵਿੱਚ ਘਿਰੇ ਲੋਕਾਂ ਦੀ ਬਾਂਹ ਫੜਣ ਦੀ ਲੋੜ ਹੈ ਕਿਉਂਕਿ ਪਾਣੀ ਦੇ ਘੱਟ ਹੋ ਜਾਣ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਇਸ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਮੈਡੀਕਲ ਕੈਂਪ ਵੀ ਲਗਾਉਣ ਦਾ ਪ੍ਰਬੰਧ ਕਰ ਲਿਆ ਹੈ।
Share the post "ਹੜ੍ਹਾਂ ਵਿੱਚ ਘਿਰੇ ਲੋਕਾਂ ਦੀ ਮਦਦ ’ਤੇ ਆਵੇ ਸਰਕਾਰ, ਇਹ ਵੇਲਾ ਰਾਜਨੀਤੀ ਕਰਨ ਦਾ ਨਹੀਂ : ਬਾਦਲ"