ਭੈਣ ਤੇ ਭਣੌਈਏ ਵਿਚਕਾਰ ਚੱਲ ਰਿਹਾ ਸੀ ਵਿਵਾਦ
ਕਥਿਤ ਦੋਸ਼ੀ ਇਸਦੇ ਲਈ ਭੈਣ ਦੇ ਸਹੁਰੇ ਤੇ ਸੱਸ ਨੂੰ ਮੰਨ ਰਿਹਾ ਸੀ ਜਿੰਮੇਵਾਰ
ਇੰਗਲੈਂਡ ਦਾ ਜੰਮਪਲ ਹੈ ਕਥਿਤ ਦੋਸ਼ੀ ਚਰਨਜੀਤ ਸਿੰਘ
ਸੁਖਜਿੰਦਰ ਮਾਨ
ਲੁਧਿਆਣਾ, 6 ਮਈ : ਲੰਘੀ ਮੰਗਲਵਾਰ ਦੀ ਸ਼ਾਮ ਨੂੰ ਲੁਧਿਆਣਾ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿਚ ਆਮਦਨ ਕਰ ਵਿਭਾਗ ਦੇ ਸਾਬਕਾ ਅਧਿਕਾਰੀ ਤੇ ਉਸਦੀ ਪਤਨੀ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਨੂੰ ਅੱਜ ਪੁਲਿਸ ਨੇ ਸੁਲਝਾ ਲਿਆ ਹੈ। ਇਸ ਘਟਨਾ ਨੂੰ ਅੰਜਾਮ ਮਿ੍ਰਤਕ ਜੋੜੇ ਦੇ ਛੋਟੇ ਪੁੱਤਰ ਦੇ ਸਕੇ ਸਾਲੇ ਨੇ ਦਿੱਤਾ ਸੀ। ਅਸਲ ਵਿਚ ਕਥਿਤ ਦੋਸ਼ੀ ਚਰਨਜੀਤ ਸਿੰਘ ਦੇ ਭੈਣ ਤੇ ਭਣੌਈਏ ਵਿਚਕਾਰ ਵਿਵਾਦ ਚੱਲ ਰਿਹਾ ਸੀ ਤੇ ਉਸਨੂੰ ਸ਼ੱਕ ਸੀ ਕਿ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਪਿੱਛੇ ਉਸਦੇ ਸੱਸ ਤੇ ਸਹੁਰੇ ਦਾ ਹੱਥ ਹੈ, ਜਿਸਦੇ ਚੱਲਦੇ ਉਸਨੇ ਦੋਨਾਂ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਚਰਨਜੀਤ ਇੰਗਲੈਂਡ ਦਾ ਜੰਮਪਲ ਹੈ ਤੇ ਉਥੇ ਹੀ ਉਸਨੇ ਲੰਡਨ ਯੂਨੀਵਰਸਿਟੀ ਤੋਂ ਬੀਐਸਸੀ ਦੀ ਪੜਾਈ ਕੀਤੀ ਹੈ। ਹਾਲਾਂਕਿ ਉਸਦਾ ਵਿਆਹ ਵੀ ਕਾਫ਼ੀ ਸਾਲ ਪਹਿਲਾਂ ਲੁਧਿਆਣਾ ਦੀ ਇੱਕ ਲੜਕੀ ਨਾਲ ਹੋਇਆ ਸੀ ਪ੍ਰੰਤੂ ਉਹ ਮੂਲ ਤੌਰ ’ਤੇ ਇੰਗਲੈਂਡ ਵਿਚ ਰਹਿ ਰਿਹਾ ਸੀ। ਇਸ ਕੰਮ ਦੇ ਲਈ ਉਹ ਗੁਪਤ ਤੌਰ ‘ਤੇ ਵਿਦੇਸ਼ ਵਿਚੋਂ ਆਇਆ ਸੀ ਤੇ ਉਸਨੇ ਇਸ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਜਾਣਾ ਸੀ। ਮਿ੍ਰਤਕ ਜੋੜੇ ਦਾ ਪੁੱਤਰ ਵੀ ਪਹਿਲਾਂ ਇੰਗਲੈਂਡ ਗਿਆ ਸੀ ਪ੍ਰੰਤੂ ਪਤਨੀ ਨਾਲ ਵਿਵਾਦ ਹੋਣ ਤੋਂ ਬਾਅਦ ਕੈਨੇਡਾ ਚਲਾ ਗਿਆ ਸੀ। ਮਿ੍ਰਤਕ ਸੁਖਦੇਵ ਸਿੰਘ (68) ਅਪਣੀ ਪਤਨੀ ਗੁਰਪ੍ਰੀਤ ਕੌਰ (62) ਨਾਲ ਲੁਧਿਆਣਾ ਵਿਚ ਹੀ ਰਹਿ ਰਿਹਾ ਸੀ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਕਥਿਤ ਦੋਸ਼ੀ ਨੇ ਮਿ੍ਰਤਕ ਸੁਖਦੇਵ ਸਿੰਘ ਦੇ ਘਰ ਦੀ ਰੇਕੀ ਵੀ ਕੀਤੀ ਸੀ ਤੇ ਰਾਤ ਨੂੰ ਉਹ ਵਾਪਸ ਘਰ ਆਇਆ। ਪ੍ਰੰਤੂ ਇਸ ਦੌਰਾਨ ਪੁਰਾਣੀਆਂ ਗੱਲਾਂ ਨੂੰ ਲੈ ਕੇ ਤਕਰਾਰ ਹੋਣੀ ਸ਼ੁਰੂ ਹੋ ਗਈ ਤੇ ਚਰਨਜੀਤ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਇਸਤੋਂ ਪਹਿਲਾਂ ਮਿ੍ਰਤਕ ਸੁਖਦੇਵ ਸਿੰਘ ਤੇ ਚਰਨਜੀਤ ਸਿੰਘ ਵਿਚਕਾਰ ਕਾਫ਼ੀ ਹੱਥੋਪਾਈ ਵੀ ਹੋਈ। ਵੱਡੀ ਗੱਲ ਇਹ ਵੀ ਹੈ ਕਿ ਘਟਨਾ ਸਮੇਂ ਹੀ ਲੁਧਿਆਣਾ ’ਚ ਹੀ ਰਹਿੰਦੀ ਸੁਖਦੇਵ ਸਿੰਘ ਦੀ ਲੜਕੀ ਰਿੰਪੀ ਦਾ ਉਸਨੂੰ ਫ਼ੋਨ ਆਇਆ ਸੀ ਤੇ ਇਸ ਦੌਰਾਨ ਹੀ ਇਹ ਵਾਰਦਾਤ ਹੋਈ ਤੇ ਫ਼ੋਨ ਕੱਟਿਆ ਗਿਆ ਤੇ ਜਦ ਕਿਸੇ ਸ਼ੰਕਾ ਨੂੰ ਭਾਂਪਦਿਆਂ ਉਕਤ ਲੜਕੀ ਅਪਣੇ ਮਾਪਿਆਂ ਦੇ ਘਰ ਆਈ ਤਾਂ ਦੋਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕਤਲ ਤੋਂ ਬਾਅਦ ਚਰਨਜੀਤ ਸਿੰਘ ਘਰ ਦੇ ਗੇਟ ਨਾਲ ਲੱਗਦੀ ਕੰਧ ਟੱਪ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਵਲੋਂ ਘਟਨਾ ਸਮੇਂ ਵਰਤੀ ਗਈ ਕਾਰ ਤੇ ਹਥਿਆਰ ਨੂੰ ਬਰਾਮਦ ਕਰਵਾਇਆ ਜਾਵੇਗਾ।
Share the post "ਖ਼ੂਨ ਹੋਇਆ ਚਿੱਟਾ: ਨੂੰਹ ਦੇ ਐਨ.ਆਰ.ਆਈ ਭਰਾ ਨੇ ਕੀਤਾ ਸੀ ਲੁਧਿਆਣਾ ’ਚ ਬਜ਼ੁਰਗ ਜੋੜੇ ਦਾ ਕਤਲ"