30 Views
ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਹੋਰਨਾਂ ਵਰਕਰਾਂ ਨੂੰ ਸਰਕਾਰ ਵੱਲੋਂ ਨੋਟਿਸ ਕੱਢਣ ਦਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਅਗੱਸਤ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਬੋਲਦਿਆਂ ਯੂਨੀਅਨ ਦੀ ਆਗੂ ਸੋਮਾ ਰਾਣੀ ਬਠਿੰਡਾ ਜਨਰਲ ਸਕੱਤਰ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪਿਛਲੇਂ 10 ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 6 ਅਗਸਤ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕਰਨਗੀਆਂ । ਜਿਸ ਦੀ ਬੁਖਲਾਹਟ ਵਿੱਚ ਆ ਕੇ ਮੰਤਰੀ ਨੇ ਹਰਗੋਬਿੰਦ ਕੌਰ ਅਤੇ ਹੋਰਨਾਂ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਭੇਜ ਦਿੱਤੇ ਹਨ । ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਤੇ ਉਹ ਚਟਾਨ ਵਾਂਗ ਸੂਬਾ ਪ੍ਰਧਾਨ ਦੇ ਨਾਲ ਖੜੀਆਂ ਹਨ ।ਆਗੂਆਂ ਦਾ ਕਹਿਣਾ ਹੈ ਕਿ ਹਰਗੋਬਿੰਦ ਕੌਰ ਨੇ ਸਰਕਾਰ ਨੂੰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਨੋਟਿਸ ਪਹਿਲੀ ਵਾਰ ਨਹੀਂ ਭੇਜਿਆ । ਸਗੋਂ ਪਿਛਲੇਂ 30 ਸਾਲਾਂ ਤੋਂ ਅਜਿਹੇ ਨੋਟਿਸ ਉਹਨਾਂ ਦੇ ਦਸਤਖਤਾ ਹੇਠ ਭੇਜੇ ਜਾ ਰਹੇ ਹਨ । ਪਰ ਹੁਣ ਜੇਕਰ ਹਰਗੋਬਿੰਦ ਕੌਰ ਨੇ ਸਿਆਸੀ ਖੇਤਰ ਵਿੱਚ ਪੈਰ ਰੱਖਿਆ ਹੈ ਤਾਂ ਸਰਕਾਰ ਦੇ ਭਾਅ ਦੀ ਬਣ ਗਈ ।ਉਹਨਾਂ ਕਿਹਾ ਕਿ ਉਹ ਸਰਕਾਰਾਂ ਦੀਆਂ ਘੁਰਕੀਆਂ ਤੋਂ ਨਾ ਕਦੇ ਪਹਿਲਾਂ ਡਰੀਆਂ ਹਨ ਤੇ ਨਾ ਹੁਣ ਡਰਨਗੀਆਂ ਤੇ ਇੱਟ ਨਾਲ ਇੱਟ ਖੜਕਾ ਦੇਣਗੀਆਂ ।ਇਸ ਮੌਕੇ ਯੂਨੀਅਨ ਦੀ ਆਗੂ ਸੁਖਦੇਵ ਕੌਰ ਬਠਿੰਡਾ, ਸਤਵੀਰ ਕੌਰ ਬਠਿੰਡਾ, ਰੁਪਿੰਦਰ ਕੌਰ ਬਠਿੰਡਾ, ਦਰਸ਼ਨਾਂ ਕੌਰ ਬਠਿੰਡਾ,ਮਨਪ੍ਰੀਤ ਕੌਰ ਬਠਿੰਡਾ ਅਤੇ ਹੋਰ ਵਰਕਰ, ਹੇਲਪਰ ਆਦਿ ਮੌਜੂਦ ਸਨ ।