ਨੌਜਵਾਨਾਂ ਦਾ 90ਹਜਾਰ ਕਰੋੜ ਦੱਬੀ ਬੈਠੀ ਹੈ ਪੰਜਾਬ ਸਰਕਾਰ – ਨੀਲ ਗਰਗ/ ਬਲਕਾਰ ਭੋਖੜਾ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ: ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ ਬੁਲਾਰੇ ਅਤੇ ਬਠਿੰਡਾ ਸਹਿਰੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ। ਜਿਨ੍ਹਾਂ ਵਿਚੋਂ ਇੱਕ ਬਹੁਤ ਹੀ ਅਹਿਮ ਵਾਅਦਾ ਘਰ-ਘਰ ਵਿੱਚ ਰੁਜਗਾਰ ਦੇਣ ਦੇ ਨਾਮ ਉੱਤੇ ਪੰਜਾਬ ਦੇ ਨੌਜਵਾਨਾਂ ਦੇ ਕਾਰਡ ਭਰੇ ਗਏ ਸਨ। ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ ਤਾਂ ਹਰ ਘਰ ਵਿੱਚ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਨੌਜਵਾਨ ਨੂੰ ਸਰਕਾਰੀ ਨੌਕਰੀ ਨਾ ਦਿੱਤੀ ਗਈ ਤਾਂ 2500/- ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਇਸ ਵਾਅਦੇ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਬਹੁਮਤ ਨਾਲ ਜਿਤਾਇਆ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ। ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਭੁੱਲ ਗਈ ਕਿ ਉਹਨਾ ਨੇ ਪੰਜਾਬ ਦੇ ਲੋਕਾਂ ਨਾਲ ਕੁੱਝ ਵਾਅਦੇ ਵੀ ਕੀਤੇ ਸਨ ਅਤੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਆਪ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 55 ਤੋਂ 60 ਲੱਖ ਪਰਿਵਾਰ ਰਹਿੰਦੇ ਹਨ। ਜਿਸ ਦੇ ਤਹਿਤ ਲਗਭਗ 55 ਤੋਂ 60 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਨਾ ਕਿ ਪ੍ਰਾਈਵੇਟ ਅਦਾਰਿਆਂ ਵਿੱਚ ਪੰਜ ਸੱਤ ਹਜਾਰ ਰੁਪਏ ਦੀ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ।ਉਹਨਾ ਨੇ ਕਿਹਾ ਕਿ ਨੌਕਰੀ ਦੀ ਗੱਲ ਤਾਂ ਦੂਰ ਹੈ ਜੇਕਰ ਬੇਰੁਜਗਾਰੀ ਭੱਤਾ ਜਿਹੜਾ ਕਿ 2500/- ਦੇ ਹਿਸਾਬ ਨਾਲ ਇੱਕ ਨੌਜਵਾਨ ਦਾ ਪੰਜ ਸਾਲਾਂ ਦਾ 1 ਲੱਖ 50 ਹਜਾਰ ਰੁਪਏ ਬਣਦਾ ਹੈ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ 90 ਹਜਾਰ ਕਰੋੜ ਰੁਪਏ ਬਣਦਾ ਹੈ ਜਿਹੜਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਨੱਪੀ ਬੈਠੀ ਹੈ। ਉਹਨਾ ਨੇ ਕਿਹਾ ਕਿ ਅੱਜ ਵੀ ਪੰਜਾਬ ਦਾ ਨੌਜਵਾਨ ਜਦੋਂ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਨੌਕਰੀ ਵਾਲਾ ਕਾਰਡ ਸੰਦੂਕ ਵਿਚੋਂ ਕੱਢ ਕੇ ਦੇਖਦਾ ਹੈ ਤਾਂ ਉਹ ਠਗਿਆ ਠਗਿਆ ਮਹਿਸੂਸ ਕਰਦਾ ਹੈ।ਉਹਨਾ ਨੇ ਕਿਹਾ ਕਿ ਇਸੇ ਮੰਗ ਨੂੰ ਉਭਾਰਨ ਲਈ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਆਉਣ ਵਾਲੀ 18 ਨਵੰਬਰ ਨੂੰ ਸਵੇਰੇ 11ਵਜੇ ਪੰਜਾਬ ਸਰਕਾਰ ਨੂੰ ਘੇਰਨ ਲਈ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਧਰਨੇ ਵਿੱਚ ਬਠਿੰਡਾ ਜ਼ਿਲ੍ਹੇ ਤੋਂ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
Share the post "ਆਪ ਵੱਲੋਂ ਬੇਰੁਜਗਾਰੀ ਦੇ ਮੁੱਦੇ ਉੱਤੇ 18 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ"