ਸੁਖਜਿੰਦਰ ਮਾਨ
ਬਠਿੰਡਾ,31ਅਕਤੂਬਰ: ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ’ਤੇ ਸਿਆਸੀ ਚੁਟਕੀ ਲੈਂਦਿਆਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਉਹ ਇਹ ਦੱਸਣ ਕਿ ਪੰਜਾਬ ਦੀ ਜਨਤਾ ਨਾਲ ਹਨ ਜਾਂ ਫ਼ਿਰ ਪੰਜਾਬ ਦੇ ਵੱਡੇ ਟ੍ਰਾਂਸਪੋਰਟ ਘਰਾਣਿਆ ਨਾਲ। ਅਜ ਇੱਥੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕਰਨ ਪੁੱਜੇ ਵੜਿੰਗ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਦਿੱਲੀ ਏਅਰਪੋਰਟ ’ਤੇ ਜਾ ਰਹੀਆਂ ਹਨ ਪ੍ਰੰਤੂ ਕੇਜ਼ਰੀਵਾਲ ਨੇ ਸਰਕਾਰੀ ਬੱਸਾਂ ਦਾ ਦਾਖ਼ਲਾ ਬੰਦ ਕੀਤਾ ਹੋਇਆ ਹੈ। ਮੰਤਰੀ ਮੁਤਾਬਕ ਉਨ੍ਹਾਂ ਵਲੋਂ ਇਹ ਦਾਖ਼ਲਾ ਖੋਲਣ ਲਈ 20 ਦਿਨ ਪਹਿਲਾਂ ਕੇਜ਼ਰੀਵਾਲ ਨੂੰ ਪੱਤਰ ਲਿਖਿਆ ਗਿਆ ਸੀ ਤੇ ਨਾਲ ਹੀ ਮਿਲਣ ਦਾ ਸਮਾਂ ਮੰਗਿਆ ਸੀ ਪ੍ਰੰਤੂ ਕੋਈ ਜਵਾਬ ਨਹੀਂ ਦਿੱਤਾ ਗਿਆ। ਅਚਾਨਕ ਹੀ ਟਰੈਕ ਸੂਟ ਵਿਚ ਪੁੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਬੱਸ ਅੱਡੇ ਦੀ ਸਫ਼ਾਈ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਥੇ ਉਨ੍ਹਾਂ ਬੱਸ ਅੱਡੇ ’ਚ ਮੌਜੂਦਾ ਬਾਦਲ ਪ੍ਰਵਾਰ ਨਾਲ ਸਬੰਧਤ ਆਰਬਿਟ ਕੰਪਨੀਆਂ ਦੇ ਕਾਗਜ਼ਾਂ ਦੀ ਵਿਸੇਸ ਚੈਕਿੰਗ ਕਰਵਾਈ। ਇਸ ਦੌਰਾਨ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਆਰਬਿਟ ਸਹਿਤ ਕੁੱਲ ਤਿੰਨ ਪ੍ਰਾਈਵੇਟ ਬੱਸਾਂ ਦੇ ਦਸਤਾਵੇਜ਼ ਪੂਰੇ ਨਾ ਪਾਏ ਜਾਣ ’ਤੇ ਉਨ੍ਹਾਂ ਨੂੰ ਜਬਤ ਕੀਤਾ ਗਿਆ ਹੈ। ਉਜ ਟ੍ਰਾਂਸਪੋਰਟ ਮੰਤਰੀ ਦੀ ਆਮਦ ਦਾ ਪਤਾ ਚੱਲਦਿਆਂ ਜਿਆਦਾਤਰ ਪ੍ਰਾਈਵੇਟ ਬੱਸਾਂ ਅੱਜ ਬੱਸ ਅੱਡੇ ਵਿਚੋਂ ਗਾਇਬ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹ ਬਿਨ੍ਹਾਂ ਕਿਸੇ ਪੱਖਪਾਤ ਤੋਂ ਚੈਕਿੰਗ ਕਰਵਾ ਰਹੇ ਹਨ ਤੇ ਅਧਿਕਾਰੀਆਂ ਨੂੰ ਸਪੱਸ਼ਟ ਹਿਦਾਇਤਾਂ ਹਨ ਕਿ ਜੇਕਰ ਉਸਦੇ ਕਿਸੇ ਰਿਸ਼ਤੇਦਾਰ ਦੀ ਬੱਸ ਦੇ ਵੀ ਦਸਤਾਵੇਜ਼ ਪੂਰੇ ਨਹੀਂ ਤਾਂ ਉਸਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਸਿੱਧੇ ਢੰਗ ਨਾਲ ਬਾਦਲ ਪ੍ਰਵਾਰ ’ਤੇ ਦੋਸ਼ ਲਗਾਇਆ ਕਿ ਅਪਣੀ ਟ੍ਰਾਂਸਪੋਰਟ ਨੂੰ ਪ੍ਰਫੁੱਲਤ ਕਰਨ ਲਈ ਸਰਕਾਰੀ ਟ੍ਰਾਂਸਪੋਰਟ ਨੂੰ ਖ਼ਤਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਭਲਕੇ ਸਮਾਂ-ਸਾਰਨੀ ਵਿਚ ਇਕਸਾਰਤਾ ਲਿਆਉਣ ਲਈ ਮੀਟਿੰਗ ਰੱਖੀ ਗਈ ਹੈ, ਜਿਸਤੋਂ ਬਾਅਦ ਹਰੇਕ ਨੂੰ ਬਣਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦਸਿਅ ਕਿ ਗਲਤ ਤਰੀਕੇ ਨਾਲ ਕੀਤੇ ਗਏ ਵਾਧਿਆਂ ਨੂੰ ਰੱਦ ਕਰਨ ਲਈ ਕਰੀਬ 806 ਪ੍ਰਾਈਵੇਟ ਅਪਰੇਟਰਾਂ ਨੂੰ ਨੋਟਿਸ ਕੱਢੇ ਗਏ ਹਨ ਤੇ ਉਸਤੋਂ ਬਾਅਦ ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪੀਆਰਟੀਸੀ ਦੇ ਕੱਚੇ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਸਭ ਨੂੰ ਪੱਕਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ, ਸੀਨੀਅਰ ਆਗੂ ਰਾਜ ਨੰਬਰਦਾਰ, ਆਰ.ਟੀ.ਏ ਬਲਵਿੰਦਰ ਸਿੰਘ, ਜੀ.ਐਮ. ਰਮਨ ਸ਼ਰਮਾ, ਮਾਲਵਾ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਆਗੂ ਬਲਤੇਜ ਸਿੰਘ ਵਾਂਦਰ, ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵੀ ਜਲਾਲ, ਉਘੇ ਟ੍ਰਾਂਸਪੋਟਰ ਰਛਪਾਲ ਸਿੰਘ ਆਹੂਲਵਾਲੀਆ, ਕੋਂਸਲਰ ਮਲਕੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।
Share the post "ਕੇਜ਼ਰੀਵਾਲ ਸਪੱਸ਼ਟ ਕਰੇ ਕਿ ਉਹ ਪੰਜਾਬ ਦੀ ਜਨਤਾ ਨਾਲ ਜਾਂ ਵੱਡੇ ਘਰਾਣਿਆਂ ਨਾਲ: ਰਾਜਾ ਵੜਿੰਗ"