ਬਠਿੰਡਾ ਦੀ ਸਰਹੱਦ ’ਚ ਪੁੱਜਣ ’ਤੇ ਕਾਫਲੇ ਉਪਰ ਫੁੱਲਾਂ ਦੀ ਵਰਖ਼ਾ
ਸੁਖਜਿੰਦਰ ਮਾਨ
ਡੱਬਵਾਲੀ(ਬਠਿੰਡਾ), 11 ਦਸੰਬਰ: ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਦਿੱਲੀ ਵਿਖੇ ਤਿੰਨ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਚੱਲੇ ਸੰਘਰਸ਼ ਵਿਚ ਸਫ਼ਲ ਹੋ ਕੇ ਵਾਪਸ ਘਰਾਂ ਨੂੰ ਪਰਤੇ ਕਿਸਾਨਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਹਰਿਆਣਾ ਤੋਂ ਬਠਿੰਡਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਸਮੇਂ ਡੱਬਵਾਲੀ ਵਿਖੇ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਕਾਫ਼ਲੇ ਉਪਰ ਨਾ ਸਿਰਫ਼ ਫੁੱਲਾਂ ਦੀ ਵਰਖ਼ਾ ਕੀਤੀ ਗਈ, ਬਲਕਿ ਜਲੇਬੀਆਂ ਤੇ ਹੋਰ ਖਾਣਿਆਂ ਦੇ ਲੰਗਰ ਵੀ ਚਲਾਏ ਗਏ। ਇਸੇ ਤਰ੍ਹਾਂ ਕਿਸਾਨੀ ਤੇ ਲੋਕਪੱਖੀ ਗੀਤਾਂ ਨਾਲ ਢੋਲ ਦੀ ਥਾਪ ’ਤੇ ਨੱਚ ਕੇ ਜਿੱਤ ਦੀ ਖੁਸੀ ਪ੍ਰਗਟਾਈ ਗਈ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲਾ ਸਮੇਤ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਕਿਸਾਨਾਂ ਦੀ ਆਮਦ ’ਤੇ ਰਲਮਿਲ ਕੇ ਭੰਗੜੇ-ਗਿੱਧੇ ਪਾਏ ਗਏ, ਜਿੱਥੇ ਔਰਤਾਂ ਤੇ ਮਰਦਾਂ ਨੇ ਪ੍ਰਵਾਰਾਂ ਸਮੇਤ ਖ਼ੁਸੀ ਪ੍ਰਗਟਾਈ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਟਰਾਲਿਆਂ ਤੇ ਟਰੈਕਟਰਾਂ ’ਤੇ ਵਾਪਸ ਮੁੜ ਰਹੇ ਇੰਨ੍ਹਾਂ ਜੇਤੂ ਕਾਫ਼ਲਿਆਂ ਵਲੋਂ ਦਿੱਲੀ ਦੀਆਂ ਯਾਦਾਂ ਨੂੰ ਵੀ ਨਾਲ ਹੀ ਲਿਆਂਦਾ ਜਾ ਰਿਹਾ ਸੀ, ਜਿਸ ਵਿਚ ਉਥੇ ਝੋਪੜੀ ਨੁਮਾ ਬਣਾਏ ਘਰਾਂ ਨੂੰ ਸਾਬਤ ਸੂਰਤ ਰੱਖਿਆ ਹੋਇਆ ਸੀ।