17 Views
ਮਾਮਲਾ ਸਟੱਡੀ ਵੀਜੇ ਦੇ ਨਾਂ ‘ਤੇ ਵਿਦਿਆਰਥੀ ਨਾਲ ਠੱਗੀ ਮਾਰਨ ਦਾ
ਬਠਿੰਡਾ, 17 ਨਵੰਬਰ: ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਤਲਵੰਡੀ ਸਾਬੋ ਨਾਲ ਸਬੰਧਤ ਇੱਕ ਵਿਦਿਆਰਥੀ ਨਾਲ ਸਟੱਡੀ ਵੀਜੇ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਵਾਲੀ ਚੰਡੀਗੜ੍ਹ ਦੀ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ। ਇਸ ਸਬੰਧ ਵਿੱਚ ਤਲਵੰਡੀ ਸਾਬੋ ਦੇ ਡੀਐਸਪੀ ਵੱਲੋਂ ਮਿਲੀ ਸ਼ਿਕਾਇਤ ਦੀ ਲੰਮੀ ਪੜਤਾਲ ਕੀਤੀ ਗਈ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਕਤ ਇਮੀਗ੍ਰੇਸ਼ਨ ਦੇ ਪ੍ਰਬੰਧਕਾਂ ਨੇ ਵਿਦਿਆਰਥੀ ਨਾਲ ਠੱਗੀ ਮਾਰਨ ਦੇ ਨੀਅਤ ਨਾਲ ਉਸਨੂੰ ਬ੍ਰੇਮਪਟਨ ਦੇ ਬੰਦ ਪਏ ਇੱਕ ਕਾਲਜ ਦਾ ਆਫਰ ਲੈਟਰ ਦੇ ਦਿੱਤਾ ਸੀ। ਮਿਲੀ ਸੂਚਨਾ ਦੇ ਮੁਤਾਬਕ ਤਲਵੰਡੀ ਸਾਬੋ ਇਲਾਕੇ ਵਿੱਚ ਪੈਂਦੇ ਪਿੰਡ ਮਿਰਜੇਆਣਾ ਦੇ ਵਾਸੀ ਵਿਸ਼ਵਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਕਨੇਡਾ ਦੇ ਵਿੱਚ ਉਚੇਰੀ ਪੜ੍ਹਾਈ ਦਾ ਚਾਹਵਾਨ ਸੀ। ਜਿਸ ਦੇ ਚਲਦੇ ਉਸਦੇ ਵੱਲੋਂ ਚੰਡੀਗੜ੍ਹ ਦੇ ਸੈਕਟਰ ਨੌ ਵਿਚ Move Abroad ਨਾਂ ਦੀ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਗਿਆ।
ਇਸ ਦੌਰਾਨ ਕੰਪਨੀ ਦੇ ਪ੍ਰਬੰਧਕਾਂ ਨੇ ਉਸਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਟੱਡੀ ਵੀਜ਼ਾ ਦਿਵਾਉਣ ਦਾ ਭਰੋਸਾ ਦਵਾਇਆ ਅਤੇ ਇਸ ਦੇ ਬਦਲੇ ਕੁੱਲ 9 ਲੱਖ 94 ਹਜ਼ਾਰ ਰੁਪਏ ਦਾ ਖਰਚਾ ਦੱਸਿਆ ਜਿਸ ਦੇ ਵਿੱਚ ਵਕੀਲ ਅਤੇ ਇਮੀਗ੍ਰੇਸ਼ਨ ਕੰਪਨੀ ਦੀ ਫੀਸ ਵੀ ਮੌਜੂਦ ਸੀ। ਵਿਸ਼ਵਪ੍ਰੀਤ ਮੁਤਾਬਕ ਉਸਨੇ ਕੰਪਨੀ ਦੇ ਪ੍ਰਬੰਧਕਾਂ ਉਪਰ ਭਰੋਸਾ ਕਰਦਿਆਂ 21 ਜੁਲਾਈ 2022 ਨੂੰ ਇੱਕ ਚੈੱਕ ਨੰਬਰ 391, ਜੋ ਕਿ 9 ਲੱਖ 84 ਹਜ਼ਾਰ ਰੁਪਏ ਦਾ ਸੀ ਕੰਪਨੀ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ। ਇਹੀ ਨਹੀਂ ਇਸ ਸਬੰਧ ਵਿੱਚ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਉਸ ਦੇ ਨਾਲ ਇੱਕ ਐਗਰੀਮੈਂਟ ਵੀ ਕੀਤਾ ਗਿਆ। ਜਿਸ ਦੇ ਵਿੱਚ ਉਸਦਾ ਵੀਜ਼ਾ ਲਵਾਉਣ ਅਤੇ ਵੀਜਾ ਨਾ ਲੱਗਣ ਦੀ ਸੂਰਤ ਵਿੱਚ ਸਾਰੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਮੁਤਾਬਕ ਕੁਝ ਦਿਨਾਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਉਸਨੂੰ ਲੇਸਨ ਕਾਲਜ ਬਰੈਮਪਟਨ ਦਾ ਇੱਕ ਆਫਰ ਲੈਟਰ ਸੌਂਪ ਦਿੱਤਾ ਅਤੇ ਦਾਅਵਾ ਕੀਤਾ ਕਿ ਉਸਦੀ ਪੜ੍ਹਾਈ ਕਨੇਡਾ ਵਿੱਚ ਇਸ ਕਾਲਜ ਵਿੱਚ ਹੋਵੇਗੀ। ਪ੍ਰੰਤੂ ਉਸ ਨੂੰ ਸ਼ੱਕ ਪਿਆ ਕਿ ਇਹ ਆਫਰ ਲੈਟਰ ਅਸਲੀ ਨਹੀਂ ਹੈ। ਜਿਸ ਦੇ ਚਲਦੇ ਉਸਨੇ ਉਕਤ ਕਾਲਜ ਨੂੰ ਇੱਕ ਮੇਲ ਭੇਜ ਕੇ ਇਸ ਆਫਰ ਲੈਟਰ ਸਬੰਧੀ ਜਾਣਕਾਰੀ ਮੰਗੀ ਤਾਂ ਪਤਾ ਲੱਗਿਆ ਕਿ ਇਹ ਕਾਲਜ ਤਾਂ ਪਹਿਲਾਂ ਹੀ ਬੰਦ ਹੋ ਚੁੱਕਿਆ ਸੀ। ਜਿਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਨਾਲ ਠੱਗੀ ਵੱਜ ਗਈ ਹੈ। ਸ਼ਿਕਾਇਤ ਕਰਤਾ ਅਤੇ ਉਸਦੇ ਬਾਪ ਸਹਿਤ ਕੁਝ ਹੋਰ ਰਿਸ਼ਤੇਦਾਰ Move Abroad immigration company ਦੇ ਚੰਡੀਗੜ੍ਹ ਅਤੇ ਬਠਿੰਡਾ ਦੇ ਪਾਵਰ ਹਾਊਸ ਰੋਡ ਨਜ਼ਦੀਕ 100 ਫੁੱਟੀ ‘ਤੇ ਖੁੱਲੀ ਬਰਾਂਚ ਵਿੱਚ ਗਏ, ਜਿੱਥੇ ਉਹਨਾਂ ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਦਿੰਦਿਆਂ ਐਗਰੀਮੈਂਟ ਮੁਤਾਬਿਕ ਪੈਸੇ ਵਾਪਸ ਕਰਨ ਲਈ ਕਿਹਾ।
ਸ਼ਿਕਾਇਤਕਰਤਾ ਮੁਤਾਬਕ ਕੰਪਨੀ ਅਧਿਕਾਰੀਆਂ ਨੇ ਕੁਝ ਸਮੇਂ ਲਈ ਟਾਲ ਮਟੋਲ ਕੀਤੀ ਅਤੇ ਬਾਅਦ ਦੇ ਵਿੱਚ ਉਸਦੇ ਨਾਲ ਕਿਸ਼ਤਾਂ ਦੇ ਰਾਹੀ 9 ਲੱਖ 4 ਹਜਾਰ ਰੁਪਏ ਵਾਪਸ ਕਰਨ ਦਾ ਇੱਕ ਐਗਰੀਮੈਂਟ ਕੀਤਾ। ਸ਼ਿਕਾਇਤ ਕਰਤਾ ਮੁਤਾਬਕ ਕਿਸਤਾਂ ਰਾਹੀਂ ਉਸਨੂੰ ਕਰੀਬ 4 ਲੱਖ 30 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪ੍ਰੰਤੂ ਹੁਣ ਤੱਕ ਬਕਾਇਆ 5 ਲੱਖ 64 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਨਹੀਂ ਕੀਤੀ। ਜਿਸ ਦੇ ਚਲਦੇ ਉਸ ਨੂੰ ਮਜਬੂਰਨ ਐਸਐਸਪੀ ਦੇ ਦਰਖਾਸਤ ਦੇਣੀ ਪਈ ਅਤੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਇਸ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਇੰਦਰਜੀਤ ਸਿੰਘ, ਜਸਵੰਤ ਸਿੰਘ, ਗੁਰਦੀਪ ਸਿੰਘ ਅਤੇ ਰੀਤ ਕੌਰ ਵਿਰੁੱਧ ਧਾਰਾ 420 120 ਬੀ ਅਤੇ ਪੰਜਾਬ ਪ੍ਰਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਦੇ ਸੈਕਸ਼ਨ 13 ਅਧੀਨ ਪਰਚਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Share the post "ਚੰਡੀਗੜ੍ਹ ਦੀ ਪ੍ਰਮੁੱਖ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਿਰੁੱਧ ਪਰਚਾ ਦਰਜ"