ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਪਿਛਲੇ ਕੁੱਝ ਸਾਲਾਂ ਤੋਂ ਸਾਫ਼ ਸਫ਼ਾਈ ਦੇ ਪ੍ਰਬੰਧਾਂ ’ਚ ਦੇਸ ਅਤੇ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਆਉਂਦੇ ਰਹੇ ਸਥਾਨਕ ਮਹਾਂਨਗਰ ਵਿਚ ਹੁਣ ਪਿਛਲੇ ਕੁੱਝ ਮਹੀਨਿਆਂ ਤੋਂ ਥਾਂ ਥਾਂ ਗੰਦਗੀ ਦੇ ਢੇਰ ਮੁੜ ਲੱਗਣੇ ਸ਼ੁਰੂ ਹੋ ਗਏ ਹਨ। ਜਿਸਦੇ ਚੱਲਦੇ ਨਗਰ ਨਿਗਮ ਵੱਲੋਂ ਪੂਰੇ ਸਹਿਰ ਨੂੰ ਕੂੜਾ ਮੁਕਤ ਐਲਾਨਣ ਦੇ ਫੈਸਲੇ ਉਪਰ ਵੀ ਸ਼ਹਿਰ ਵਾਸੀਆਂ ਨੇ ਇਤਰਾਜ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਨਗਰ ਨਿਗਮ ਕੋਲ ਸ਼ਹਿਰ ਦੇ 50 ਵਾਰਡਾਂ ਦੀ ਸਫ਼ਾਈ ਲਈ 1177 ਸਫ਼ਾਈ ਕਾਮਿਆਂ ਤੇ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਵੱਡੀ ਫ਼ੌਜ ਵੀ ਮੌਜੂਦ ਹੈ। ਚਰਚੇ ਇਹ ਵੀ ਹਨ ਕਿ ਕਈ ਸਫ਼ਾਈ ਕਾਮੇ ਵੱਡੇ ਅਫ਼ਸਰਾਂ ਤੇ ਨਿਗਮ ਦੇ ਸਿਆਸੀ ਪ੍ਰਬੰਧਾਂ ਦੀ ਨਿੱਜੀ ਟਹਿਲ ਸੇਵਾ ਵਿਚ ਵੀ ਲਗਾਏ ਹੋਏ ਹਨ। ਉਧਰ ਨਿਗਮ ਵਲੋਂ ਸ਼ਹਿਰ ਦੇ ਕੁੜਾ ਮੁਕਤ ਹੋਣ ਦੇ ਕੀਤੇ ਐਲਾਨ ’ਤੇ ਸਵਾਲ ਖ਼ੜੇ ਕਰਦਿਆਂ ਜਾਗੋ ਗ੍ਰਾਹਕ ਜਾਗੋ ਦੇ ਆਗੂ ਸੰਜੀਵ ਗੋਇਲ ਨੇ ਦਸਿਆ ਕਿ ਨਿਗਮ ਵੱਲੋਂ ਬਕਾਇਦਾ ਇਸ਼ਤਿਹਾਰ ਦੇ ਕੇ 20 ਮਾਰਚ ਤੱਕ ਕੂੜਾ ਮੁਕਤ ਸ਼ਹਿਰ ਸਬੰਧੀ ਇਤਰਾਜ਼ ਮੰਗੇ ਸਨ ਪ੍ਰੰਤੂ ਸ਼ਹਿਰ ਵਿਚ ਥਾਂ ਥਾਂ ਕੁੜਾ ਖਿੱਲਰਿਆ ਹੋਣ ਦੇ ਬਾਵਜੂਦ ਨਿਗਮ ਵਲੋਂ 50 ਵਾਰਡਾਂ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਹਿਰ ਦੇ ਵੱਖ-ਵੱਖ ਵਾਰਡਾਂ ਅਤੇ ਗਲੀਆਂ ਦਾ ਦੌਰਾ ਕਰਨ ਦੌਰਾਨ ਲਈ ਤਸਵੀਰਾਂ ਨਿਗਮ ਵਲੋਂ ਸਹਿਰ ਨੂੰ ਕੂੜਾ ਮੁਕਤ ਘੋਸਿਤ ਦੇ ਐਲਾਨ ਦੀ ਸੱਚਾਈ ਦੀ ਫੂਕ ਕੱਢ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਬਠਿੰਡਾ ‘ਚ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ । ਉਨ੍ਹਾਂ ਟਿੱਪਣੀ ਕੀਤੀ ਨਿਗਮ ਵੱਲੋਂ 50 ਵਾਰਡਾਂ ਨੂੰ ਕੂੜਾ ਮੁਕਤ ਕਰਨ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਦਫਤਰਾਂ ਵਿੱਚ ਬੈਠ ਕੇ ਹੀ ਕੀਤੀਆਂ ਜਾ ਰਹੀਆਂ ਹਨ, ਜਦਕਿ ਜਮੀਨੀ ਹਕੀਕਤ ਕੁਝ ਹੋਰ ਹੀ ਨਜਰ ਆ ਰਹੀ ਹੈ । ਸੰਜੀਵ ਗੋਇਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਰਾਜ ਸਵੱਛ ਭਾਰਤ, ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਦਫਤਰ, ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਚੰਡੀਗੜ੍ਹ, ਡਿਪਟੀ ਕਮਿਸਨਰ ਬਠਿੰਡਾ ਅਤੇ ਕਮਿਸਨਰ ਨਗਰ ਨਿਗਮ ਬਠਿੰਡਾ ਆਦਿ ਨੂੰ 27 ਫੋਟੋਆਂ ਸਮੇਤ ਕੂੜਾ ਮੁਕਤ ਸਹਿਰ ਦੀ ਅਸਲੀਅਤ ਬਿਆਨ ਕਰਦਿਆਂ ਭੇਜ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਨਿਗਮ ਦੀ ਸਿਹਤ ਬ੍ਰਾਂਚ ਕੋਲ 1177 ਮੁਲਾਜਮ ਹਨ। ਪਰ ਇਸ ਦੇ ਬਾਵਜੂਦ ਸਹਿਰ ਵਿੱਚ ਥਾਂ-ਥਾਂ ਕੂੜਾ-ਕਰਕਟ ਪਿਆ ਦੇਖਿਆ ਜਾ ਸਕਦਾ ਹੈ । ਇਸ ਸਬੰਧੀ ਨਗਰ ਨਿਗਮ ਦੇ ਚੀਫ ਸੈਨੇਟਰੀ ਅਫਸਰ ਸੰਦੀਪ ਕਟਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੁੰ ਕੋਈ ਇਤਰਾਜ਼ ਸੀ ਅੱਜ 20 ਮਾਰਚ ਤੱਕ ਲਿਖਤੀ ਦੇ ਸਕਦੇ ਸਨ ਪਰ ਉਨ੍ਹਾਂ ਦਾ ਕੋਈ ਇਤਰਾਜ ਨਹੀਂ ਮਿਲਿਆ।
ਨਗਰ ਨਿਗਮ ਬਠਿੰਡਾ ਕੋਲ ਮੌਜੂਦ ਸਿਹਤ ਤੇ ਸਫਾਈ ਕਾਮਿਆਂ ਦੀ ਟੀਮ
1. ਚੀਫ ਸੈਨੇਟਰੀ ਇੰਸਪੈਕਟਰ 3
2. ਸੈਨੇਟਰੀ ਇੰਸਪੈਕਟਰ. 3
3. ਸੈਨੇਟਰੀ ਸੁਪਰਵਾਈਜਰ 10
4. ਸਫਾਈ ਮੇਟ 9
5. ਰੈਗੂਲਰ ਸਫਾਈ ਸੇਵਕ 528
6. ਡੇਲੀਵੇਜ਼ ਸਫਾਈ ਸੇਵਕ. 126
7. ਆਊਟਸੋਰਸ ਮੁਲਾਜਮ 498
Share the post "ਨਗਰ ਨਿਗਮ ਕੋਲ ਸਫ਼ਾਈ ਕਾਮਿਆਂ ਦੀ ਵੱਡੀ ਫ਼ੌਜ ਦੇ ਬਾਵਜੂਦ ਸ਼ਹਿਰ ’ਚ ਲੱਗੇ ਥਾਂ-ਥਾਂ ਕੂੜੇ ਦੇ ਢੇਰ"