ਸੁਖਜਿੰਦਰ ਮਾਨ
ਬਠਿੰਡਾ,31 ਮਈ: 1938 ਤੋਂ ਸਾਹਿਤ ਅਤੇ ਪੁਸਤਕ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਸਤਿਆਪਾਲ ਆਜ਼ਾਦ ਪਬਲਿਕ ਲਾਇਬ੍ਰੇਰੀ ਬਠਿੰਡਾ ਨੂੰ ਨਗਰ ਨਿਗਮ ਵੱਲੋਂ ਅਪਣੇ ਕਬਜ਼ੇ ਵਿਚ ਲੈਣ ਦੇ ਫੈਸਲੇ ਦੀ ਅਗਾਂਹਵਧੂ ਹਲਕਿਆਂ ਨੇ ਨਿੰਦਿਆ ਕੀਤੀ ਹੈ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਨੇ ਆਪਣੀ ਕਾਰਜਕਾਰਨੀ ਕਮੇਟੀ ਵਿੱਚ ਇਸ ਮਾਮਲੇ ਤੇ ਵਿਚਾਰ ਕਰਕੇ ਪਬਲਿਕ ਲਾਇਬ੍ਰੇਰੀ ਦਾ ਡਟਵਾਂ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਇੱਕ ਵਫਦ ਵੱਲੋਂ ਪਬਲਿਕ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੂੰ ਮਿਲ ਕੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਜਨਰਲ ਸਕੱਤਰ ਰਣਜੀਤ ਗੌਰਵ,ਕਾ.ਜਰਨੈਲ ਭਾਈਰੂਪਾ, ਰਣਬੀਰ ਰਾਣਾ, ਬਲਵਿੰਦਰ ਸਿੰਘ ਭੁੱਲਰ ਨੇ ਪਬਲਿਕ ਲਾਇਬ੍ਰੇਰੀ ਦੇ ਸਕੱਤਰ ਕੁਲਦੀਪ ਢੀਂਗਰਾ ਨਾਲ ਮੁਲਾਕਾਤ ਕੀਤੀ ਅਤੇ ਇਸ ਸੰਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਸਾਹਿਤ ਸਭਾ ਦੇ ਆਗੂਆਂ ਨੇ ਨਿਗਮ ਅਧਿਕਾਰੀਆਂ ਦੇ ਪੱਖਪਾਤੀ ਰਵਈਏ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪਬਲਿਕ ਲਾਇਬ੍ਰੇਰੀ ਦੇ ਜਮੂਹਰੀ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਵਾਨਿਤ ਪ੍ਰਬੰਧ ਵਿਚ ਦਖਲ ਅੰਦਾਜੀ ਬੰਦ ਕੀਤੀ ਜਾਵੇ। ਲੇਖਕਾਂ ਨੇ ਕਿਹਾ ਕਿ ਪਬਲਿਕ ਲਾਇਬ੍ਰੇਰੀ ਦੇ ਆਗੂ ਜੋ ਵੀ ਸੰਘਰਸ਼ ਕਰਨਗੇ ਸਮੁੱਚਾ ਲੇਖਕ ਅਤੇ ਪਾਠਕ ਭਾਈਚਾਰਾ ਡਟ ਕੇ ਉਨ੍ਹਾਂ ਦੇ ਨਾਲ ਖੜ੍ਹੇਗਾ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਇਸ ਵਫਦ ਨੇ ਲਾਇਬ੍ਰੇਰੀ ਦੇ ਸਕੱਤਰ ਨੂੰ ਲਾਇਬ੍ਰੇਰੀ ਦੇ ਪ੍ਰਬੰਧਾਂ ਵਿੱਚ ਵੀ ਲੇਖਕਾਂ ਦੀ ਸ਼ਮੂਲੀਅਤ ਦੀ ਅਪੀਲ ਵੀ ਕੀਤੀ।ਇਸ ਤੋਂ ਪਹਿਲਾਂ ਵੀ ਬਠਿੰਡੇ ਵਿੱਚ ਸਰਗਰਮ ਸਾਹਿਤਕ ਸੰਸਥਾਵਾਂ ਨੇ ਮੀਟਿੰਗ ਕਰਕੇ ਆਪਣਾ ਸਮਰਥਨ ਦੇਣ ਦਾ ਫੈਸਲਾ ਅਤੇ ਐਲਾਨ ਕੀਤਾ ਸੀ।